DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰੌਕ ਗਾਰਡਨ ਦੀ ਕੰਧ ਢਾਹੁਣ ਖ਼ਿਲਾਫ਼ ਨਿੱਤਰੇ ਚੰਡੀਗੜ੍ਹੀਏ

ਚੰਡੀਗੜ੍ਹ ਦੀ ਵਿਰਾਸਤ ਨਾਲ ਜੁੜੇ ਲੋਕਾਂ ਵੱਲੋਂ ਕੰਧ ਨਾ ਢਾਹੁਣ ਦੀ ਅਪੀਲ
  • fb
  • twitter
  • whatsapp
  • whatsapp
featured-img featured-img
ਹਾਈ ਕੋਰਟ ਤੇ ਰੌਕ ਗਾਰਡਨ ਵਿਚਾਲੇ ਸੜਕ ਨੂੰ ਚੌੜਾ ਕਰਨ ਲਈ ਰੌਕ ਗਾਰਡਨ ਦੀ ਕੰਧ ਦਾ ਢਾਹਿਆ ਜਾ ਰਿਹਾ ਹਿੱਸਾ। -ਫੋਟੋ: ਪ੍ਰਦੀਪ ਤਿਵਾੜੀ
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 23 ਫਰਵਰੀ

Advertisement

ਯੂਟੀ ਪ੍ਰਸ਼ਾਸਨ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਪਾਰਕਿੰਗ ਨਾਲ ਲਗਦੀ ਸੜਕ ਨੂੰ ਚੌੜਾ ਕਰਨ ਲਈ ਰੌਕ ਗਾਰਡਨ ਦੇ ਪਿਛਲੇ ਪਾਸੇ ਵਾਲੀ ਦੀਵਾਰ ਨੂੰ ਢਾਹਿਆ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਰੌਕ ਗਾਰਡਨ ਦੀ ਕੰਧ ਢਾਹੁਣ ਵਿਰੁੱਧ ਚੰਡੀਗੜ੍ਹ ਦੇ ਵੱਡੀ ਗਿਣਤੀ ਲੋਕ ਨਿੱਤਰ ਆਏ ਹਨ, ਜਿਨ੍ਹਾਂ ਵੱਲੋਂ ਪ੍ਰਸ਼ਾਸਨ ਦੀ ਕਾਰਵਾਈ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।

ਅਲਾਹਾਬਾਦ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਐੱਸਐੱਸ ਸੋਢੀ (ਐਨ ਸੱਜੇ) ਰੌਕ ਗਾਰਡਨ ਦੀ ਕੰਧ ਤੋੜੇ ਜਾਣ ਖ਼ਿਲਾਫ਼ ਰੋਸ ਮੁਜ਼ਾਹਰੇ ’ਚ ਸ਼ਾਮਲ ਹੁੰਦੇ ਹੋਏ। ਉਨ੍ਹਾਂ ਨਾਲ ਸੀਨੀਅਰ ਵਕੀਲ (ਗੁਲਾਬੀ ਕਮੀਜ਼ ਵਿੱਚ) ਮਨਮੋਹਨ ਲਾਲ ਸਰੀਨ ਤੇ ਪ੍ਰੋ. ਯੋਜਨਾ ਰਾਵਤ ਵੀ ਹਨ। -ਫੋਟੋ: ਪ੍ਰਦੀਪ ਤਿਵਾੜੀ

ਇਸ ਮੌਕੇ ਜਸਟਿਸ (ਸੇਵਾਮੁਕਤ) ਐੱਸ.ਐੱਸ. ਸੋਢੀ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਹਾਈ ਕੋਰਟ ਦੀ ਪਾਰਕਿੰਗ ਨੂੰ ਵੱਡਾ ਕਰਨ ਤੇ ਸੜਕ ਚੌੜੀ ਕਰਨ ਦਾ ਹਵਾਲਾ ਦੇ ਕੇ ਰੌਕ ਗਾਰਡਨ ਦੀ ਕੰਧ ਨੂੂੰ ਢਾਹਿਆ ਜਾ ਰਿਹਾ ਹੈ ਜੋ ਗ਼ਲਤ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਹਾਈ ਕੋਰਟ ਵਿੱਚ ਕੇਸਾਂ ਦੀ ਗਿਣਤੀ ਦੇ ਨਾਲ-ਨਾਲ ਵਕੀਲਾਂ ਅਤੇ ਸਟਾਫ਼ ਦੀ ਗਿਣਤੀ ਵੀ ਵਧ ਰਹੀ ਹੈ। ਉੱਧਰ ਹਜ਼ਾਰਾਂ ਲੋਕ ਰੋਜ਼ਾਨਾ ਆਪਣੇ ਮਾਮਲਿਆਂ ਦੀ ਸੁਣਵਾਈ ਲਈ ਹਾਈ ਕੋਰਟ ਆਉਂਦੇ ਹਨ। ਅਜਿਹੇ ਹਾਲਾਤ ਵਿੱਚ ਪਾਰਕਿੰਗ ਦੀ ਮੰਗ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਰੌਕ ਗਾਰਡਨ ਦੀ ਕੰਧ ਨੂੰ ਢਾਹ ਕੇ ਪਾਰਕਿੰਗ ਵੱਡੀ ਕਰਨਾ ਕੋਈ ਠੋਸ ਹੱਲ ਨਹੀਂ ਹੈ। ਇਸ ਲਈ ਪ੍ਰਸ਼ਾਸਨ ਨੂੰ ਸ਼ਹਿਰ ਦੇ ਟਰਾਂਸਪੋਰਟ ਸਿਸਟਮ ਨੂੰ ਬਿਹਤਰ ਕਰਨ ਦੀ ਜ਼ਰੂਰਤ ਹੈ। ਚੰਡੀਗੜ੍ਹ ਦੀ ਵਿਰਾਸਤ ਦੀ ਦੇਖਭਾਲ ਲਈ ਕੰਮ ਕਰਨ ਵਾਲੀ ਐੱਮਐੱਨ ਸ਼ਰਮਾ ਸੁਸਾਇਟੀ ਦੇ ਜਨਰਲ ਸਕੱਤਰ ਪ੍ਰੋ. ਯੋਜਨਾ ਰਾਵਤ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਦੀ ਕਾਰਵਾਈ ਨਿੰਦਣਯੋਗ ਹੈ। ਚੰਡੀਗੜ੍ਹ ਦਾ ਰੌਕ ਗਾਰਡਨ ਸ਼ਹਿਰ ਦੀ ਵਿਰਾਸਤ ਹੈ, ਜਿਸ ਨੂੰ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ। ਇਸ ਨੂੰ ਕਿਸੇ ਪਾਰਕਿੰਗ ਜਾਂ ਸੜਕ ਲਈ ਢਾਹੁਣਾ ਗਲਤ ਹੈ। ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸਮਾਜ ਸੇਵੀ ਰੌਬਿਨ ਨਕਈ ਵੀ ਮੌਜੂਦ ਸਨ। ਸੀਨੀਅਰ ਵਕੀਲ ਮਨਮੋਹਨ ਲਾਲ ਸਰੀਨ ਨੇ ਐਕਸ ’ਤੇ ਲਿਖਿਆ ‘ਨੇਕ ਚੰਦ ਸੈਣੀ, ਤੁਹਾਡੀ ਬੇਸ਼ਕੀਮਤੀ ਰਚਨਾ ਨੂੰ ਸੜਕ ਅਤੇ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦੀ ਪਾਰਕਿੰਗ ਲਈ ਰਸਤਾ ਬਣਾਉਣ ਵਾਸਤੇ ਢਾਹਿਆ ਜਾ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਤੁਹਾਨੂੰ ਨਿਰਾਸ਼ ਕੀਤਾ ਹੈ, ਉਹ ਵੀ ਤੁਹਾਡੇ ਜਨਮ ਸ਼ਤਾਬਦੀ ਸਾਲ ਵਿੱਚ। ਦੁਨੀਆ ਸਾਫ਼ ਵਾਤਾਵਰਨ ਲਈ ਹਰਿਆਲੀ ’ਤੇ ਜ਼ੋਰ ਦੇ ਰਹੀ ਹੈ, ਜਦੋਂ ਕਿ ਅਸੀਂ ਇਸ ਦੇ ਉਲਟ ਕੰਮ ਕਰ ਰਹੇ ਹਾਂ।’

ਇਹ ਕੰਧ ਰੌਕ ਗਾਰਡਨ ਦਾ ਹਿੱਸਾ ਨਹੀਂ ਹੈ: ਪ੍ਰਸ਼ਾਸਨ

ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪ੍ਰਸ਼ਾਸਨ ਨੂੰ ਮਲਟੀ ਲੈਵਲ ਪਾਰਕਿੰਗ ਨਜ਼ਦੀਕ ਰੌਕ ਗਾਰਡਨ ਦੇ ਬਾਹਰ ਆਏ ਹੋਏ ਕੁਝ ਹਿੱਸੇ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ। ਇਹ ਕਾਰਵਾਈ ਹਾਈ ਕੋਰਟ ਦੇ ਹੁਕਮਾਂ ’ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਵੱਲੋਂ ਹਾਈ ਕੋਰਟ ਦੇ ਨਜ਼ਦੀਕ ਪਾਰਕਿੰਗ ਖੇਤਰ ਵਿੱਚ ਭੀੜ ਨੂੰ ਘਟਾਉਣ ਲਈ ਸੜਕ ਨੂੰ ਚੌੜਾ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ ਜਿਸ ਕਾਰਨ ਰੌਕ ਗਾਰਡਨ ਨਜ਼ਦੀਕ ਬਣੀ ਕੰਧ ਨੂੰ ਹਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕੰਧ ਰੌਕ ਗਾਰਡਨ ਦਾ ਹਿੱਸਾ ਨਹੀਂ ਹੈ। ਇਸ ਨੂੰ ਨੇਕ ਚੰਦ ਵੱਲੋਂ ਰੌਕ ਗਾਰਡਨ ਨੂੰ ਬਣਾਉਂਦਿਆਂ ਡਿਜ਼ਾਈਨ ਨਹੀਂ ਕੀਤਾ ਗਿਆ ਸੀ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਸ਼ਹਿਰ ਦੀ ਵਿਰਾਸਤ ਦੀ ਸੰਭਾਲ ਦੇ ਨਾਲ-ਨਾਲ ਸ਼ਹਿਰ ਵਿੱਚ ਆਵਾਜਾਈ ਵਿਵਸਥਾ ਨੂੰ ਸੁਚਾਰੂ ਕਰਨ ਲਈ ਵਚਨਬੱਧ ਹਨ।

Advertisement
×