ਚੰਡੀਗੜ੍ਹ ਪੁਲੀਸ ਨੇ ਰਾਮਦਰਬਾਰ ਵਿੱਚ ਚਲਾਇਆ ਸਰਚ ਅਪਰੇਸ਼ਨ
ਆਤਿਸ਼ ਗੁਪਤਾ
ਚੰਡੀਗੜ੍ਹ, 13 ਜੁਲਾਈ
ਚੰਡੀਗੜ੍ਹ ਦੇ ਥਾਣਾ ਸੈਕਟਰ-31 ਅਧੀਨ ਆਉਂਦੇ ਰਾਮ ਦਰਬਾਰ ਵਿੱਚ ਪਿਛਲੇ ਦਿਨੀਂ ਇਕ ਨੌਜਵਾਨ ਦੀ ਹੱਤਿਆ ਹੋਣ ਤੋਂ ਬਾਅਦ ਪੁਲੀਸ ਵੀ ਹਰਕਤ ਵਿੱਚ ਆ ਗਈ ਹੈ। ਅੱਜ ਥਾਣਾ ਸੈਕਟਰ-31 ਦੀ ਪੁਲੀਸ ਨੇ ਰਾਮਦਰਬਾਰ ਵਿੱਚ ਅਚਾਨਕ ਪਹੁੰਚ ਕੇ ਸਰਚ ਅਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਚੰਡੀਗੜ੍ਹ ਪੁਲੀਸ ਦੇ 170 ਦੇ ਕਰੀਬ ਪੁਲੀਸ ਮੁਲਾਜ਼ਮਾਂ ਨੇ ਰਾਮਦਰਬਾਰ ਨੂੰ ਚਾਰੋ ਪਾਸੇ ਤੋਂ ਘੇਰ ਕੇ 800 ਤੋਂ ਵੱਧ ਘਰਾਂ ਦੀ ਚੈਕਿੰਗ ਕੀਤੀ ਗਈ। ਪੁਲੀਸ ਨੇ ਚੈਕਿੰਗ ਦੌਰਾਨ 405 ਅਪਰਾਧਕ ਪਿਛੋਕੜ ਵਾਲੇ ਵਿਅਕਤੀਆਂ ਦੀ ਸ਼ਨਾਖਤ ਕੀਤੀ, ਜਿਨ੍ਹਾਂ ਨੂੰ ਜਾਂਚ ਕਰਨ ਤੋਂ ਬਾਅਦ ਛੱਡਿਆ ਗਿਆ ਹੈ। ਜਦੋਂ ਕਿ ਪੁਲੀਸ ਨੇ 10 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਚੰਡੀਗੜ੍ਹ ਪੁਲੀਸ ਨੇ ਰਾਮਦਰਬਾਰ ਵਿੱਚ 200 ਕਿਰਾਏ ’ਤੇ ਰਹਿਣ ਵਾਲਿਆਂ ਦੀ ਸ਼ਨਾਖਤ ਕੀਤੀ ਗਈ। ਇਸ ਤੋਂ ਇਲਾਵਾ ਪੁਲੀਸ ਨੇ ਇਲਾਕੇ ਵਿੱਚ ਖੜੇ 100 ਦੇ ਕਰੀਬ ਵਾਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਵੀ ਕੀਤੀ ਗਈ। ਇਸ ਵਿੱਚੋਂ 19 ਵਾਹਨਾਂ ਦੇ ਚਾਲਾਨ ਕੱਟੇ ਗਏ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਪੁਲੀਸ ਨੇ ਰਾਮਦਰਬਾਰ ਵਿੱਚ ਕਿਰਾਏ ’ਤੇ ਰਹਿਣ ਵਾਲੇ ਲੋਕਾਂ ਨੂੰ ਪੁਲੀਸ ਵੈਰੀਫਿਕੇਸ਼ਨ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕਿਰਾਏਦਾਰਾਂ ਦੀ ਪੁਲੀਸ ਵੈਰੀਫਿਕੇਸ਼ਨ ਨਾ ਕਰਵਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪਛਲੇ ਦਿਨੀਂ ਰਾਮਦਰਬਾਰ ਵਿੱਚ ਰਮਨ ਚੱਢਾ ਤੇ ਉਸ ਦੇ ਦੋਸਤ ਤੁਸ਼ਹਾਰ ਨਾਮ ਦੇ ਦੋ ਨੌਜਵਾਨਾਂ ’ਤੇ ਕੁਝ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਹੈ। ਇਸ ਦੌਰਾਨ ਰਮਨ ਚੱਢਾ ਦੀ ਮੌਤ ਹੋ ਗਈ ਸੀ, ਜਦੋਂ ਕਿ ਤੁਸ਼ਾਹਰ ਦਾ ਸੈਕਟਰ-32 ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲੀਸ ਵੱਲੋਂ ਆਜ਼ਾਦੀ ਦਿਹਾੜੇ ਦੀ ਆਮਦ ਨੂੰ ਮੁੱਖ ਰਖਦਿਆਂ ਵੀ ਸ਼ਹਿਰ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ। ਪੁਲੀਸ ਦੇ ਬੁਲਾਰੇ ਨੇ ਲੋਕਾਂ ਨੂੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਕੋਈ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਦਿਖਾਈ ਦੇਣ ’ਤੇ ਤੁਰੰਤ ਪੁਲੀਸ ਨੂੰ ਸੂਚਿਤ ਕਰਨ।