ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਚੰਡੀਗੜ੍ਹ: ਪਾਰਕਿੰਗਾਂ ’ਚ ਪਰਚੀ ਬੰਦ, ਲੋਕਾਂ ਦੀਆਂ ਮੌਜਾਂ ਸ਼ੁਰੂ

ਪਾਰਕਿੰਗ ਕਰਿੰਦਿਆਂ ਨੇ ਤਨਖਾਹਾਂ ਨਾ ਮਿਲਣ ਕਾਰਨ ਪਰਚੀ ਕੱਟਣੀ ਬੰਦ ਕੀਤੀ
Advertisement

ਪੱਤਰ ਪ੍ਰੇਰਕ

ਚੰਡੀਗੜ੍ਹ, 4 ਜੁਲਾਈ

Advertisement

ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਸੈਕਟਰਾਂ ਦੀਆਂ ਵੱਖ-ਵੱਖ ਪਾਰਕਿੰਗਾਂ ਦੇ ਕਰਿੰਦਿਆਂ ਨੇ ਤਨਖਾਹਾਂ ਨਾ ਮਿਲਣ ਕਰਕੇ ਅੱਜ ਤੋਂ ਪਾਰਕਿੰਗਾਂ ਵਿੱਚ ਪਰਚੀ ਕੱਟਣ ਦਾ ਕੰਮ ਬੰਦ ਕਰ ਦਿੱਤਾ ਹੈ। ਅਜਿਹੇ ਵਿੱਚ ਵਾਹਨ ਚਾਲਕਾਂ ਨੂੰ ਮੌਜਾਂ ਲੱਗ ਗਈਆਂ ਹਨ। ਜਦੋਂ ਤੱਕ ਇਹ ਮਸਲਾ ਨਹੀਂ ਸੁਲਝਦਾ, ਉਦੋਂ ਲੋਕ ਮੁਫ਼ਤ ’ਚ ਪਾਰਕਿੰਗਾਂ ਦਾ ਲਾਹਾ ਲੈ ਸਕਣਗੇ। ਜਾਣਕਾਰੀ ਅਨੁਸਾਰ ਆਪਣੀਆਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਪ੍ਰਦਰਸ਼ਨ ਕਰਨ ਲਈ ਸਮੂਹ ਪਾਰਕਿੰਗਾਂ ਦੇ ਵਰਕਰ ਸੈਕਟਰ-17 ਸਥਿਤ ਨਗਰ ਨਿਗਮ ਦਫ਼ਤਰ ਅੱਗੇ ਇਕੱਠੇ ਹੋਏ ਤਾਂ ਉਥੇ ਤਾਇਨਾਤ ਹੋਮਗਾਰਡ ਦੇ ਜਵਾਨਾਂ ਨੇ ਇਹ ਕਹਿ ਕੇ ਪ੍ਰਦਰਸ਼ਨ ਕਰਨ ਤੋਂ ਰੋਕ ਦਿੱਤਾ ਗਿਆ ਕਿ ਉਨ੍ਹਾਂ ਕੋਲ ਰੋਸ ਪ੍ਰਦਰਸ਼ਨ ਕਰਨ ਦੀ ਸਰਕਾਰੀ ਮਨਜ਼ੂਰੀ ਨਹੀਂ ਹੈ। ਪਾਰਕਿੰਗ ਵਰਕਰਾਂ ਨੇ ਕਿਹਾ ਕਿ ਉਹ ਪ੍ਰਾਈਵੇਟ ਠੇਕੇਦਾਰ ਕੰਪਨੀ ਅਧੀਨ ਹਰ ਰੋਜ਼ ਨਗਰ ਨਿਗਮ ਦੀਆਂ ਪਾਰਕਿੰਗਾਂ ਵਿੱਚ ਪਰਚੀ ਕੱਟਣ ਦਾ ਕੰਮ ਕਰਦੇ ਹਨ। ਪ੍ਰਾਈਵੇਟ ਠੇਕੇਦਾਰ ਕੰਪਨੀ ਦੇ ਅਧੀਨ 400 ਦੇ ਕਰੀਬ ਵਰਕਰ ਹਰ ਰੋਜ਼ 12-12 ਘੰਟੇ ਦੀ ਡਿਊਟੀ ਨਿਭਾਉਂਦੇ ਹਨ। ਇਸ ਦੇ ਬਾਵਜੂਦ ਪਿਛਲੇ ਦੋ ਮਹੀਨੇ ਤੋਂ ਉਨ੍ਹਾਂ ਨੂੰ ਤਨਖਾਹ ਨਹੀਂ ਮਿਲ ਰਹੀ ਹੈ ਜਿਸ ਕਰਕੇ ਉਨ੍ਹਾਂ ਦੇ ਪਰਿਵਾਰਾਂ ਦੇ ਪਾਲਣ-ਪੋਸ਼ਣ ਮੁਸ਼ਕਲ ਹੋ ਗਏ ਹਨ। ਬੱਚਿਆਂ ਦੇ ਸਕੂਲਾਂ ਦੀਆਂ ਫੀਸਾਂ, ਮਕਾਨ ਦੇ ਕਿਰਾਏ ਅਤੇ ਬੈਂਕ ਦੇ ਲੋਨ ਆਦਿ ਦੀਆਂ ਕਿਸ਼ਤਾਂ ਵੀ ਅਟਕ ਗਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਨਿਗਮ ਦਫ਼ਤਰ ਵਿੱਚ ਸਬੰਧਤ ਐੱਸਡੀਓ ਕੋਲ ਆਪਣੀ ਤਨਖਾਹਾਂ ਦੀ ਸਮੱਸਿਆ ਲੈ ਕੇ ਗਏ ਤਾਂ ਉਨ੍ਹਾਂ ਨੂੰ ਡਰਾ ਧਮਕਾ ਕੇ ਮੋੜ ਦਿੱਤਾ ਗਿਆ ਕਿ ਜੇ ਉਹ ਕੰਮ ਨਹੀਂ ਕਰਦੇ ਤਾਂ ਰੋਡ ਡਿਵੀਜ਼ਨ ਵਿੱਚ ਹੋਰ ਸਟਾਫ਼ ਪਾਰਕਿੰਗਾਂ ਵਿੱਚ ਲਗਾ ਦਿੱਤਾ ਜਾਵੇਗਾ। ਤਨਖਾਹਾਂ ਦੇ ਲਈ ਉਨ੍ਹਾਂ ਨੂੰ ਹਾਲੇ ਦੋ ਮਹੀਨੇ ਹੋਰ ਇੰਤਜ਼ਾਰ ਕਰਨਾ ਪਵੇਗਾ।

ਪਾਰਕਿੰਗ ਵਰਕਰਾਂ ਨੇ ਕਿਹਾ ਕਿ ਮਸਲਾ ਸਿਰਫ਼ ਉਨ੍ਹਾਂ ਦੀ ਤਨਖਾਹ ਦਾ ਨਹੀਂ ਹੈ ਬਲਕਿ ਪਾਰਕਿੰਗਾਂ ਦਾ ਕੰਮ ਬੰਦ ਹੋਣ ਨਾਲ ਨਿਗਮ ਦੀ ਆਮਦਨ ਵੀ ਬੰਦ ਹੋ ਗਈ ਹੈ। ਇਸ ਲਈ ਨਿਗਮ ਨੂੰ ਚਾਹੀਦਾ ਹੈ ਕਿ ਵਰਕਰਾਂ ਦੀ ਦੋ ਮਹੀਨੇ ਦੀ ਤਨਖਾਹਾਂ ਦਿਵਾਈਆਂ ਜਾਣ ਅਤੇ ਭਵਿੱਖ ਵਿੱਚ ਵੀ ਠੇਕੇਦਾਰ ਕੰਪਨੀ ਨੂੰ ਸਹੀ ਸਮੇਂ ਉਤੇ ਤਨਖਾਹਾਂ ਦੇਣ ਦੇ ਪਾਬੰਦ ਬਣਾਇਆ ਜਾਵੇ। ਉਨ੍ਹਾਂ ਇਹ ਚਿਤਾਵਨੀ ਵੀ ਦਿੱਤੀ ਕਿ ਜੇ ਤਨਖਾਹਾਂ ਨਾ ਦਿਵਾਈਆਂ ਗਈਆਂ ਤਾਂ ਉਹ ਲੰਬਾ ਸੰਘਰਸ਼ ਸ਼ੁਰੂ ਕਰ ਦੇਣ ਲਈ ਮਜਬੂਰ ਹੋ ਜਾਣਗੇ।

Advertisement