ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਹੰਗਾਮਾ ਭਰਪੂਰ ਰਹੀ ਚੰਡੀਗੜ੍ਹ ਨਿਗਮ ਦੀ ਹਾਊਸ ਮੀਟਿੰਗ

ਕਮਿਊਨਿਟੀ ਸੈਂਟਰਾਂ ਦਾ ਕਿਰਾਇਆ ਵਧਾਉਣ ਦਾ ਮਤਾ ਅੱਜ ਵੀ ਨਾ ਹੋ ਸਕਿਆ ਪਾਸ
Advertisement

ਕੁਲਦੀਪ ਸਿੰਘ

ਚੰਡੀਗੜ੍ਹ, 30 ਜੂਨ

Advertisement

ਚੰਡੀਗੜ੍ਹ ਨਗਰ ਨਿਗਮ ਦੀ ਅੱਜ ਹੋਈ ਜਨਰਲ ਹਾਊਸ ਮੀਟਿੰਗ ਹੰਗਾਮਾ ਭਰਪੂਰ ਰਹੀ। ਅੱਜ ਦੂਜੀ ਵਾਰ ਵੀ ਕਮਿਊਨਿਟੀ ਸੈਂਟਰਾਂ ਦੇ ਕਿਰਾਇਆਂ ਵਿੱਚ ਵਾਧੇ ਦਾ ਮਤਾ ਪਾਸ ਨਾ ਹੋ ਸਕਿਆ। ਕੌਂਸਲਰਾਂ ਨੇ ਕਿਹਾ ਕਿ ਜਦੋਂ ਇਨ੍ਹਾਂ ਸੈਂਟਰਾਂ ਵਿੱਚ ਕੋਈ ਢੁਕਵੀਂ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ ਤਾਂ ਲੋਕਾਂ ’ਤੇ ਬੁਕਿੰਗ ਦਰਾਂ ਦਾ ਭਾਰੀ ਬੋਝ ਪਾਉਣਾ ਜਾਇਜ਼ ਨਹੀਂ ਹੈ। ਹਾਲਾਂਕਿ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਜੇ ਅੱਜ ਦੀ ਮੀਟਿੰਗ ਵਿੱਚ ਵੀ ਇਹ ਮਤਾ ਪਾਸ ਨਾ ਹੋਇਆ ਤਾਂ ਉਹ ਇਹ ਮਸਲਾ ਹੱਲ ਕਰਨ ਲਈ ਪ੍ਰਸ਼ਾਸਕ ਨੂੰ ਲਿਖਣਗੇ।

‘ਆਪ’ ਦੇ ਕੌਂਸਲਰਾਂ ਨੇ ਕਮਿਊਨਿਟੀ ਸੈਂਟਰ ਘਪਲੇ ’ਤੇ ਦੇ ਮੇਅਰ ਹਰਪ੍ਰੀਤ ਕੌਰ ਬਬਲਾ ਨੂੰ ਘੇਰਿਆ ਅਤੇ ਪੋਸਟਰ ਦਿਖਾ ਕੇ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ।

‘ਆਪ’ ਕੌਂਸਲਰ ਯੋਗੇਸ਼ ਢੀਂਗਰਾ ਨੇ ਕਿਹਾ ਕਿ ਬੁਕਿੰਗ ਪ੍ਰਕਿਰਿਆ ਵਿੱਚ ਕਥਿਤ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਹੋਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਵਿੱਚ ਸ਼ਾਮਲ ਅਧਿਕਾਰੀਆਂ ਦਾ ਸਿਰਫ਼ ਤਬਾਦਲਾ ਕਰਨਾ ਕਾਫ਼ੀ ਨਹੀਂ, ਬਲਕਿ ਉਨ੍ਹਾਂ ਨੂੰ ਮੁਅੱਤਲ ਕਰਨਾ ਚਾਹੀਦਾ ਸੀ। ਸ੍ਰੀ ਢੀਂਗਰਾ ਨੇ ਇਹ ਵੀ ਦੱਸਿਆ ਕਿ ਜਦੋਂ ਆਮ ਲੋਕ ਕਿਸੇ ਵੀ ਪ੍ਰੋਗਰਾਮ ਲਈ ਕਮਿਊਨਿਟੀ ਸੈਂਟਰ ਬੁੱਕ ਕਰਦੇ ਹਨ ਤਾਂ ਬੁਕਿੰਗ ਤੋਂ ਬਾਅਦ ਨਿਗਮ ਵੱਲੋਂ ਤੈਅ ਕੀਤੀ ਰਿਫੰਡ ਰਕਮ ਸਮੇਂ ਸਿਰ ਵਾਪਸ ਨਹੀਂ ਕੀਤੀ ਜਾਂਦੀ। ਉਨ੍ਹਾਂ ਮੰਗ ਇਸ ਸਬੰਧੀ ਪੰਜ ਸਾਲ ਦਾ ਰਿਕਾਰਡ ਦੱਸਿਆ ਜਾਵੇ।

ਇਸ ’ਤੇ ਨਿਗਮ ਕਮਿਸ਼ਨਰ ਨੇ ਕਿਹਾ ਕਿ ਜੇ ਸਦਨ ਦੇ ਸਾਰੇ ਕੌਂਸਲਰ ਇਸ ਨਾਲ ਸਹਿਮਤ ਹਨ, ਤਾਂ ਪੂਰੇ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇਗੀ।

ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੇ ਮੰਗ ਰੱਖੀ ਕਿ ਨਿਗਮ ਵੱਲੋਂ ਰੱਦ ਕੀਤੇ ਸਟ੍ਰੀਟ ਵੈਂਡਰਾਂ ਦੇ ਲਾਇਸੈਂਸ ਦੁਬਾਰਾ ਨਵਿਆਏ ਜਾਣ। ਭਾਜਪਾ ਕੌਂਸਲਰ ਸਤਿੰਦਰਪਾਲ ਸਿੰਘ ਨੇ ਪਿੰਡਾਂ ਵਿੱਚ ਉੱਥੋਂ ਵਸਨੀਕਾਂ ਲਈ ਰੇਹੜੀ-ਫੜ੍ਹੀ ਦੇ ਪੱਕੇ ਲਾਇਸੈਂਸ ਜਾਰੀ ਕਰਨ ਦੀ ਮੰਗ ਰੱਖੀ। ਭਾਜਪਾ ਕੌਂਸਲਰ ਸੌਰਭ ਜੋਸ਼ੀ ਨੇ ਰਾਤ ਸਮੇਂ ਗ਼ੈਰਕਾਨੂੰਨੀ ਵਾਹਨਾਂ ’ਤੇ ਖਾਣ-ਪੀਣ ਦਾ ਸਾਮਾਨ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਇਸ ਤੋਂ ਇਲਾਵਾ ‘ਆਪ’ ਕੌਂਸਲਰਾਂ ਦਮਨਪ੍ਰੀਤ ਸਿੰਘ ਬਾਦਲ, ਪ੍ਰੇਮ ਲਤਾ, ਜਸਵਿੰਦਰ ਕੌਰ ਨੇ ਵੀ ਆਪੋ ਆਪਦੇ ਖੇਤਰਾਂ ਦੇ ਮੁੱਦੇ ਚੁੱਕੇ।

 

ਕਾਂਗਰਸੀ ਕੌਂਸਲਰਾਂ ਨੇ ਮੇਅਰ ਨੂੰ ਸੌਂਪੀਆਂ ਮਿਰਚਾਂ

ਕਾਂਗਰਸੀ ਕੌਂਸਲਰ ਗੁਰਪ੍ਰੀਤ ਗਾਬੀ ਨੇ ਲਾਲ ਮਿਰਚਾਂ ਦੇ ਪੈਕੇਟ ਮੇਅਰ ਨੂੰ ਸੌਂਪਦਿਆਂ ਕਿਹਾ ਕਿ ਜੇ ਕਮਿਊਨਿਟੀ ਸੈਂਟਰਾਂ ਵਿੱਚ ਸਹੂਲਤਾਂ ਨਾ ਦੇ ਕੇ ਧੋਖੇ ਨਾਲ ਪੈਸੇ ਹੀ ਬਟੋਰਨੇ ਹਨ ਤਾਂ ਫਿਰ ਲੋਕਾਂ ਦੀਆਂ ਅੱਖਾਂ ਵਿੱਚ ਸਿੱਧੀਆਂ ਮਿਰਚਾਂ ਪਾ ਦਿਓ। ਸ੍ਰੀ ਗਾਬੀ ਨੇ ਟਿਊਬਵੈੱਲ ਅਪਰੇਟਰਾਂ ਨੂੰ ਬੇਰੁਜ਼ਗਾਰ ਨਾ ਕੀਤੇ ਜਾਣ ਦੀ ਵੀ ਮੰਗ ਕੀਤੀ।

ਬੁਟੇਰਲਾ ਨੇ ਮੱਛੀ ਮਾਰਕੀਟ ਦਾ ਮੁੱਦਾ ਚੁੱਕਿਆ

ਵਾਰਡ ਨੰਬਰ-30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਸੈਕਟਰ-41 ਸਥਿਤ ਮੱਛੀ ਮਾਰਕੀਟ ਨੂੰ ਚਾਲੂ ਕਰਨ ਲਈ ਆ ਰਹੀਆਂ ਦਿੱਕਤਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸ਼ਹਿਰ ਵਿੱਚ ਵੱਖ-ਵੱਖ ਥਾਈਂ ਖੁੱਲ੍ਹੇ ਅਸਮਾਨ ਹੇਠ ਮੀਟ-ਮੱਛੀ ਦੀ ਵਿਕਰੀ ਬੰਦ ਨਹੀਂ ਕੀਤੀ ਜਾਂਦੀ, ਉਦੋਂ ਤੱਕ ਇਸ ਮਾਰਕੀਟ ਦੀ ਬੋਲੀ ਸਫ਼ਲ ਨਹੀਂ ਹੋ ਸਕਦੀ।

Advertisement