ਚੰਡੀਗੜ੍ਹ ਨਗਰ ਨਿਗਮ ਨੇ ‘ਸਵੱਛ ਮਹਿਲਾ ਦਿਵਸ’ ਮਨਾਇਆ
ਖੇਤਰੀ ਪ੍ਰਤੀਨਿਧ ਚੰਡੀਗੜ੍ਹ, 6 ਮਾਰਚ ਚੰਡੀਗੜ੍ਹ ਨਗਰ ਨਿਗਮ ਵੱਲੋਂ ਜਨ ਸਿਹਤ ਦੇ ਖੇਤਰ ਵਿੱਚ ਸਮਾਜ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਿਸਾਲੀ ਸਮਰਪਣ ਦਾ ਪ੍ਰਦਰਸ਼ਨ ਕਰਨ ਵਾਲੀਆਂ ਨਿਗਮ ਦੀਆਂ ਮਹਿਲਾ ਕਰਮਚਾਰੀਆਂ ਦੇ ਯੋਗਦਾਨ ਅਤੇ ਮਿਹਨਤ ਦਾ ਸਨਮਾਨ ਕਰਨ ਦੇ ਉਦੇਸ਼...
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 6 ਮਾਰਚ
ਚੰਡੀਗੜ੍ਹ ਨਗਰ ਨਿਗਮ ਵੱਲੋਂ ਜਨ ਸਿਹਤ ਦੇ ਖੇਤਰ ਵਿੱਚ ਸਮਾਜ ਨੂੰ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਿਸਾਲੀ ਸਮਰਪਣ ਦਾ ਪ੍ਰਦਰਸ਼ਨ ਕਰਨ ਵਾਲੀਆਂ ਨਿਗਮ ਦੀਆਂ ਮਹਿਲਾ ਕਰਮਚਾਰੀਆਂ ਦੇ ਯੋਗਦਾਨ ਅਤੇ ਮਿਹਨਤ ਦਾ ਸਨਮਾਨ ਕਰਨ ਦੇ ਉਦੇਸ਼ ਨਾਲ ਅੱਜ ਇੱਥੇ ਕਮਿਊਨਿਟੀ ਸੈਂਟਰ ਸੈਕਟਰ-35 ਵਿੱਚ ‘ਸਵੱਛ ਮਹਿਲਾ ਦਿਵਸ’ ਮਨਾਇਆ ਗਿਆ। ਸ਼ਹਿਰ ਦੇ ਮੇਅਰ ਕੁਲਦੀਪ ਕੁਮਾਰ ਨੇ ਮਹਿਲਾਵਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਆ।
ਇਸ ਮੌਕੇ ਬੋਲਦਿਆਂ ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਨਗਰ ਨਿਗਮ ਨੇ ਚੰਡੀਗੜ੍ਹ ਵਿੱਚ ਜਨਤਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਹਿਲਾ ਕਰਮਚਾਰੀਆਂ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਸ਼ਲਾਘਾਯੋਗ ਹੈ। ਇਸ ਮੌਕੇ ਵੱਖ ਵੱਖ ਐਸੋਸੀਏਸ਼ਨਾਂ ਦੀਆਂ 20 ਮਹਿਲਾ ਪ੍ਰਧਾਨਾਂ, ਸਵੈ-ਸਹਾਇਤਾ ਸਮੂਹਾਂ ਅਤੇ ਨਗਰ ਨਿਗਮ ਦੀਆਂ ਵੱਖ ਵੱਖ ਵਿੰਗਾਂ ਦੀਆਂ ਮਹਿਲਾ ਕਰਮਚਾਰੀਆਂ ਨੂੰ ਸਵੱਛ ਮਹਿਲਾ ਦਿਵਸ ਸਮਾਰੋਹ ਵਿੱਚ ਸਨਮਾਨਿਆ ਗਿਆ। ਮੇਅਰ ਕੁਲਦੀਪ ਕੁਮਾਰ ਨੇ ਮਹਿਲਾ ਕਰਮਚਾਰੀਆਂ ਦੇ ਵੱਡਮੁੱਲੇ ਯੋਗਦਾਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਅਤੇ ਧੰਨਵਾਦ ਕੀਤਾ।
ਇਸ ਮੌਕੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਮਹਿਲਾਵਾਂ ਹੀ ਸਮਾਜ ਦੀਆਂ ਅਸਲ ਨਿਰਮਾਤਾ ਹਨ। ਹਰ ਮਹਿਲਾ ਸਟਾਫ ਮੈਂਬਰ ਸਵੱਛਤਾ ਦੀ ਅਸਲ ਰਾਜਦੂਤ ਹੈ। ਉਨ੍ਹਾਂ ਨੇ ਸਵੱਛ ਸਰਵੇਖਣ 2021 ਵਿੱਚ 66ਵੇਂ ਸਥਾਨ ਤੋਂ ਸਵੱਛ ਸਰਵੇਖਣ 2023 ਵਿੱਚ 11ਵੇਂ ਸਥਾਨ ’ਤੇ ਲਿਜਾਣ ਅਤੇ ਭਾਰਤ ਦੀ ਰਾਸ਼ਟਰਪਤੀ ਤੋਂ ‘ਸਫ਼ਾਈਮਿੱਤਰ ਸੁਰੱਖਿਆ’ ਦਾ ਖਿਤਾਬ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਸਮੂਹ ਮਹਿਲਾ ਸਟਾਫ਼ ਮੈਂਬਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਅਮੁੱਲ ਯੋਗਦਾਨ ਲਈ ਧੰਨਵਾਦ ਕੀਤਾ। ਇਸ ਮੌਕੇ ਇਲਾਕਾ ਕੌਂਸਲਰ ਪ੍ਰੇਮ ਲਤਾ ਤੇ ਹੋਰ ਕੌਂਸਲਰਾਂ ਸਣੇ ਨਿਗਮ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

