Video - Chandigarh Mayor Elections: 'ਆਪ'-ਕਾਂਗਰਸ ਗਠਜੋੜ ਕੋਲ ਬਹੁਮਤ ਦੇ ਬਾਵਜੂਦ ਭਾਜਪਾ ਦਾ ਫੁੱਲ ਖਿੜਿਆ
ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਬਣੀ ਚੰਡੀਗੜ੍ਹ ਦੀ ਮੇਅਰ; ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ’ਤੇ ਕਾਂਗਰਸ ਦਾ ਕਬਜ਼ਾ
ਮੁਕੇਸ਼ ਕੁਮਾਰ
30 ਜਨਵਰੀ, ਚੰਡੀਗੜ੍ਹ
ਚੰਡੀਗੜ੍ਹ ਦੇ ਮੇਅਰ ਅਹੁਦੇ ਲਈ ਅੱਜ ਹੋਈ ਚੋਣ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਕੋਲ ਬਹੁਮਤ ਹੋਣ ਦੇ ਬਾਵਜੂਦ ਭਾਜਪਾ ਨੇ ਵੱਡਾ ਉਲਟਫੇਰ ਕੀਤਾ ਹੈ ਅਤੇ ਮੇਅਰ ਅਹੁਦੇ ਲਈ ਚੋਣ ਜਿੱਤ ਲਈ ਹੈ। ਇਸ ਦੌਰਾਨ ਭਾਜਪਾ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਨੂੰ 19 ਵੋਟਾਂ ਮਿਲੀਆਂ ਜਦੋਂ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਦੀ ਉਮੀਦਵਾਰ ਪ੍ਰੇਮਲਤਾ ਨੂੰ 17 ਵੋਟਾਂ ਮਿਲੀਆਂ।
ਹੈਰਾਨੀ ਦੀ ਗੱਲ ਹੈ ਕਿ ਨਿਗਮ ਵਿੱਚ ਭਾਜਪਾ ਕੋਲ ਕੁੱਲ 16 ਕੌਂਸਲਰਾਂ ਦੀਆਂ ਵੋਟਾਂ ਸਨ ਜਦੋਂ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਗੱਠਜੋੜ ਕੋਲ ਇੱਕ ਸੰਸਦ ਮੈਂਬਰ ਦੀ ਵੋਟ ਸਮੇਤ ਕੁੱਲ 20 ਵੋਟਾਂ ਸਨ। ਇਹ ਸਪੱਸ਼ਟ ਹੈ ਕਿ ਕਰਾਸ ਵੋਟਿੰਗ ਹੋਈ ਹੈ ਜਿਸ ਕਾਰਨ ਭਾਜਪਾ ਉਮੀਦਵਾਰ ਜੇਤੂ ਬਣਿਆ। 'ਆਪ' ਜਾਂ ਕਾਂਗਰਸ ਪਾਰਟੀ ਦੇ ਕਿਸੇ ਵੀ ਤਿੰਨ ਕੌਂਸਲਰਾਂ ਨੇ ਭਾਜਪਾ ਨੂੰ ਵੋਟ ਦਿੱਤੀ ਹੈ।
ਚੋਣ ਦੌਰਾਨ ਕੋਈ ਵੀ ਵੋਟ ਰੱਦ ਨਹੀਂ ਘੋਸ਼ਿਤ ਕੀਤੀ ਗਈ। ਚੋਣ ਵਿੱਚ ਕੁੱਲ 36 ਵੋਟਾਂ ਪਈਆਂ, ਜਿਸ ਵਿੱਚੋਂ 1 ਵੋਟ ਐਮਪੀ ਦੀ ਸੀ। ਚੋਣ ਜਿੱਤਣ ਤੋਂ ਬਾਅਦ ਹਰਪ੍ਰੀਤ ਕੌਰ ਬਬਲਾ ਨੇ ਮੇਅਰ ਵੱਜੋਂ ਅਹੁਦਾ ਸੰਭਾਲਣ ’ਤੇ ਸਾਰੇ ਸਾਥੀ ਕੌਂਸਲਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਸ਼ਹਿਰ ਦੀ ਭਲਾਈ ਲਈ ਮਿਲ ਕੇ ਕੰਮ ਕਰਨਗੇ।
ਦੂਜੇ ਪਾਸੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਹੋਈ ਚੋਣ ਆਪ-ਕਾਂਗਰਸ ਗੱਠਜੋੜ ਵੱਲੋਂ ਲੜਨ ਵਾਲੇ ਕਾਂਗਰਸ ਦੇ ਉਮੀਦਵਾਰਾਂ ਨੇ ਭਾਜਪਾ ਨੂੰ ਹਰਾ ਕੇ ਜਿੱਤ ਲਈ ਹੈ। ਸੀਨੀਅਰ ਡਿਪਟੀ ਮੇਅਰ ਵਜੋਂ ਕਾਂਗਰਸ ਦੇ ਜਸਬੀਰ ਸਿੰਘ ਬੰਟੀ ਅਤੇ ਡਿਪਟੀ ਮੇਅਰ ਵਜੋਂ ਕਾਂਗਰਸ ਦੀ ਤਰੁਣਾ ਮਹਿਤਾ ਜੇਤੂ ਰਹੇ।