ਚੰਡੀਗੜ੍ਹ ਨੂੰ ਬਿਊਟੀਫੁੱਲ ਰੱਖਣ ਦਾ ਲੋਕਾਂ ਵੱਲੋਂ ਤਹੱਈਆ
ਮੁਕੇਸ਼ ਕੁਮਾਰ
ਚੰਡੀਗੜ੍ਹ, 1 ਅਕਤੂਬਰ
ਗਾਂਧੀ ਜੈਅੰਤੀ ਮੌਕੇ ਦੇਸ਼ ਭਰ ਵਿੱਚ ‘ਵਨ ਡੇਟ, ਵਨ ਆਵਰ, ਵਨ ਟੂਗੇਦਰ’ ਤਹਿਤ ਚਲਾਈ ਸਵੱਛਤਾ ਮੁਹਿੰਮ ਤਹਿਤ ਚੰਡੀਗੜ੍ਹ ਵਿੱਚ ਵੀ ਕਈ ਥਾਵਾਂ ’ਤੇ ਸਫ਼ਾਈ ਪ੍ਰੋਗਰਾਮ ਕੀਤੇ ਗਏ। ਚੰਡੀਗੜ੍ਹ ਨਗਰ ਨਿਗਮ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਵੱਖੋ-ਵੱਖਰੀਆਂ 230 ਥਾਵਾਂ ’ਤੇ ਚਲਾਈ ਗਈ ਮੁਹਿੰਮ ਦੌਰਾਨ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਸਮੇਤ ਸ਼ਹਿਰ ਦੇ ਮੇਅਰ, ਨਗਰ ਨਿਗਮ ਕਮਿਸ਼ਨਰ, ਕੌਂਸਲਰਾਂ ਅਤੇ ਹੋਰ ਵੈਲਫੇਅਰ ਐਸੋਸੀਏਸ਼ਨਾਂ ਨੇ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ ਅਤੇ ਲੋਕਾਂ ਨੂੰ ਸਵੱਛਤਾ ਨੂੰ ਲੈ ਕੇ ਜਾਗਰੂਕ ਕੀਤਾ। ਇੱਥੇ ਸੈਕਟਰ-49 ਸਥਿਤ ਸਬਜ਼ੀ ਮੰਡੀ ਗਰਾਊਂਡ ਵਿੱਚ ਸਫ਼ਾਈ ਮੁਹਿੰਮ ਤਹਿਤ ਪੰਜਾਬ ਦੇ ਰਾਜਪਾਲ ਤੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਮੇਅਰ ਅਨੂਪ ਗੁਪਤਾ ਅਤੇ ਕਮਿਸ਼ਨਰ ਆਨੰਦਿਤਾ ਮਿੱਤਰਾ ਨਾਲ ਮਿਲ ਕੇ ਕੂੜਾ ਇਕੱਠਾ ਕੀਤਾ ਅਤੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕਤਾ ਸੰਦੇਸ਼ ਦਿੱਤਾ।
ਮੇਅਰ ਅਨੂਪ ਗੁਪਤਾ ਨੇ ਸਥਾਨਕ ਕੌਂਸਲਰ ਦਲੀਪ ਸ਼ਰਮਾ, ਭਾਜਪਾ ਦੇ ਜਨਰਲ ਸਕੱਤਰ ਰਾਮਬੀਰ ਭੱਟੀ ਅਤੇ ਹੋਰ ਭਾਜਪਾ ਆਗੂਆਂ ਨਾਲ ਮਿਲ ਕੇ ਸੈਕਟਰ-26 ਦੀ ਸਬਜ਼ੀ ਮੰਡੀ ਵਿੱਚ ਸਫ਼ਾਈ ਮੁਹਿੰਮ ਚਲਾਈ। ਇਥੇ ਮੇਅਰ ਅਨੂਪ ਗੁਪਤਾ ਦੇ ਨਾਲ ਭਾਜਪਾ ਆਗੂ ਤੈਅ ਪ੍ਰੋਗਰਾਮ ਅਨੁਸਾਰ ਸਵੇਰੇ 9 ਵਜੇ ਦੇ ਕਰੀਬ ਇਥੇ ਮੰਡੀ ਵਿੱਚ ਸਫ਼ਾਈ ਮੁਹਿੰਮ ਚਲਾਈ। ਮੇਅਰ ਨੇ ਇਸ ਤੋਂ ਬਾਅਦ ਇੱਥੋਂ ਦੇ ਸੈਕਟਰ 45 ਸਥਿਤ ਗਊਸ਼ਾਲਾ ਨੇੜੇ ਇਨਕਮ ਟੈਕਸ ਐਸੋਸੀਏਸ਼ਨ ਵੱਲੋਂ ਚਲਾਈ ਗਈ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ। ਚੰਡੀਗੜ੍ਹ ਰੈਜ਼ੀਡੈਂਟਸ ਐਸੋਸੀਏਸ਼ਨਜ਼ ਵੈਲਫੇਅਰ ਫੈਡਰੇਸ਼ਨ (ਕ੍ਰਾਫੇਡ) ਵੱਲੋਂ ਸੈਕਟਰ 25 ਸਥਿਤ ਗਊਸ਼ਾਲਾ ਵਿੱਚ ਸਫ਼ਾਈ ਮੁਹਿੰਮ ਚਲਾਈ ਗਈ।
ਦੂਜੇ ਪਾਸੇ ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿਤਰਾ ਨੇ ਮਨੀਮਾਜਰਾ ਵਿੱਚ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਅਤੇ ਯੂਨੀਵਰਸਿਟੀ ਦੇ 2000 ਵਿਦਿਆਰਥੀਆਂ ਨੇ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ। ਇਹ ਮੁਹਿੰਮ ਨਗਰ ਨਿਗਮ ਦੇ ਉਪ ਦਫ਼ਤਰ ਮਨੀਮਾਜਰਾ ਨੇੜੇ ਸਥਿਤ ਗਰਾਊਂਡ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ, ਫਿਰ ਦਸਹਿਰਾ ਗਰਾਊਂਡ, ਕਾਰ ਬਾਜ਼ਾਰ ਪਾਰਕਿੰਗ ਅਤੇ ਰੇਲਵੇ ਅੰਡਰਪਾਸ ਵਿੱਚ ਸਫ਼ਾਈ ਮੁਹਿੰਮ ਚਲਾਈ ਗਈ। ਇਸ ਮੁਹਿੰਮ ਵਿੱਚ ਨਗਰ ਨਿਗਮ ਦੇ ਹੋਰ ਅਧਿਕਾਰੀਆਂ ਅਤੇ ਸਮਾਜ ਸੇਵੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਲੋਕਾਂ ਨੂੰ ਸਫ਼ਾਈ ਸਬੰਧੀ ਸਹੁੰ ਵੀ ਚੁਕਾਈ ਗਈ।
ਬਾਗਬਾਨੀ ਵਿਭਾਗ ਅਤੇ ਸਿਹਤ ਵਿਭਾਗ ਵੱਲੋਂ ਮੋਟਰ ਮਾਰਕੀਟ ਅਤੇ ਚਿਲਡਰਨ ਪਾਰਕ ਵਿੱਚ ਬਣੇ ਪਖਾਨਿਆਂ ਵਿੱਚ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਸਫ਼ਾਈ ਮੁਹਿੰਮ ਚਲਾਈ ਗਈ। ਇਸ ਵਿੱਚ ਐੱਸਡੀਓ ਰਾਜਬੀਰ ਸਿੰਘ, ਮਨੀਮਾਜਰਾ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਐੱਸਐੱਸ ਪਰਵਾਨਾ, ਬਲਾਕ ਕਾਂਗਰਸ ਪ੍ਰਧਾਨ ਸੰਜੀਵ ਗਾਬਾ, ਜੇ ਈ ਮਨੀਸ਼, ਸੁਪਰਵਾਈਜ਼ਰ ਅਮਨ, ਸ਼ਾਮ ਸਿੰਘ, ਇਮਰਾਨ ਮਨਸੂਰੀ, ਹੀਰਾ ਸਿੰਘ, ਭਾਰਤ ਭੂਸ਼ਨ ਗੋਇਲ, ਹਰੀਸ਼ ਕੁਮਾਰ, ਗੋਲਡੀ ਸਰੋਏ ਨੇ ਸ਼ਮੂਲੀਅਤ ਕੀਤੀ। ਚੰਡੀਗੜ੍ਹ ਵਪਾਰ ਮੰਡਲ ਅਤੇ ਟਰੇਡਰਜ਼ ਐਸੋਸੀਏਸ਼ਨ ਵੱਲੋਂ ਸੈਕਟਰ 21 ਦੀ ਮਾਰਕੀਟ ਵਿੱਚ ਸਫ਼ਾਈ ਮੁਹਿੰਮ ਚਲਾਈ ਗਈ। ਇਥੇ ਵਪਾਰ ਮੰਡਲ ਦੇ ਪ੍ਰਧਾਨ ਚਿਰੰਜੀਵ ਸਿੰਘ ਅਤੇ ਹੋਰ ਵਪਾਰੀ ਆਗੂਆਂ ਨੇ ਮਾਰਕੀਟ ਦੀ ਸਫ਼ਾਈ ਕੀਤੀ।
ਸੈਕਟਰ 34 ਸਥਿਤ ਮੇਲਾ ਗਰਾਊਂਡ ਵਿਖੇ ਕੌਂਸਲਰ ਪ੍ਰੇਮ ਲਤਾ ਅਤੇ ਸੈਕਟਰ 35 ਦੇ ਐੱਸਐੱਚਓ ਬਲਦੇਵ ਕੁਮਾਰ ਸਮੇਤ ਇਥੇ ਜਾਰੀ ਫਿਸ਼ ਮੇਲੇ ਦੇ ਪ੍ਰਬੰਧਕਾਂ ਨੇ ਸਫ਼ਾਈ ਮੁਹਿੰਮ ਚਲਾਈ। ਸੀਆਰਪੀਐੱਫ ਦੀ 13ਵੀਂ ਬਟਾਲੀਅਨ ਦੇ ਜਵਾਨਾਂ ਨੇ ਕਮਾਂਡੈਂਟ ਕਮਲ ਸਿਸੋਦੀਆ ਦੀ ਅਗਵਾਈ ਹੇਠ ਸੈਕਟਰ 45 ਵਿੱਚ ਸਫ਼ਾਈ ਕੀਤੀ। ਕੌਂਸਲਰ ਜਸਬੀਰ ਸਿੰਘ ਬੰਟੀ ਨੇ ਆਪਣੇ ਵਾਰਡ ਵਿਚ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ।
ਸੀਟੀਯੂ ਕਾਮਿਆਂ ਨੇ ਬੱਸ ਅੱਡਿਆਂ ’ਤੇ ਸਫ਼ਾਈ ਕੀਤੀ
ਚੰਡੀਗੜ੍ਹ (ਕੁਲਦੀਪ ਸਿੰਘ): ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਨੇ ਪ੍ਰਧਾਨ ਜਸਵੰਤ ਸਿੰਘ ਜੱਸਾ ਦੀ ਅਗਵਾਈ ਹੇਠ ਬੱਸ ਸਟੈਂਡ 43 ਵਿਖੇ ਆਪਣੀ ਟੀਮ ਨਾਲ ਸਵੱਛ ਭਾਰਤ ਮੁਹਿੰਮ ਵਿੱਚ ਹਿੱਸਾ ਲਿਆ। ਸੀਟੀਯੂ ਵਰਕਰਾਂ ਨੇ ਲੋਕਾਂ ਨੂੰ ਸਫ਼ਾਈ ਸਬੰਧੀ ਜਾਗਰੂਕ ਕੀਤਾ ਅਤੇ ਬੱਸ ਸਟੈਂਡ-43 ’ਤੇ ਨੁੱਕੜ ਨਾਟਕ ਵੀ ਖੇਡਿਆ। ਡਾਇਰੈਕਟਰ ਟਰਾਂਸਪੋਰਟ ਪ੍ਰਦੁਮਨ ਸਿੰਘ ਨੇ ਯੂਨੀਅਨ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ। ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਜੱਸਾ, ਮੀਤ ਪ੍ਰਧਾਨ ਗੁਰਨਾਮ ਸਿੰਘ ਅਤੇ ਖਜ਼ਾਨਚੀ ਮਨਦੀਪ ਨੇ ਦੱਸਿਆ ਕਿ ਸੀਟੀਯੂ ਦੀ ਹਰ ਬੱਸ ਵਿੱਚ ਕੂੜੇਦਾਨ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿ ਬੱਸਾਂ ਵਿੱਚ ਗੰਦ ਨਾ ਪਵੇ। ਉਨ੍ਹਾਂ ਨੇ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਨੂੰ ਜਾਗਰੂਕ ਕੀਤਾ ਕਿ ਸਫ਼ਰ ਦੌਰਾਨ ਕਿਸੇ ਵੀ ਕਿਸਮ ਦਾ ਕੋਈ ਮੂੰਗਫਲੀ ਆਦਿ ਦਾ ਛਿਲਕਾ ਜਾਂ ਕੋਈ ਵੀ ਹੋਰ ਕੂੜਾ ਕਰਕਟ ਬੱਸਾਂ ਵਿੱਚ ਰੱਖੇ ਕੂੜੇਦਾਨਾਂ ਵਿੱਚ ਹੀ ਪਾਇਆ ਜਾਵੇ। ਇਸੇ ਦੌਰਾਨ ਸੀ.ਟੀ.ਯੂ. ਵਰਕਰਜ਼ ਯੂਨੀਅਨ ਵੱਲੋਂ ਧਰਮਿੰਦਰ ਸਿੰਘ, ਚਰਨਜੀਤ ਸਿੰਘ ਢੀਂਡਸਾ, ਬਲਦੇਵ ਸਿੰਘ ਅਤੇ ਤੇਜਵੀਰ ਸਿੰਘ ਦੀ ਅਗਵਾਈ ਹੇਠ ਸੈਕਟਰ 17 ਸਥਿਤ ਬੱਸ ਸਟੈਂਡ ਵਿੱਚ ਸਫ਼ਾਈ ਅਭਿਆਨ ਚਲਾਇਆ ਗਿਆ ਅਤੇ ਲੋਕਾਂ ਨੂੰ ਸਫ਼ਾਈ ਲਈ ਜਾਗਰੂਕ ਕੀਤਾ ਗਿਆ।