ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੂੰ ਕੇਂਦਰ ਤੋਂ 24 ਕਰੋੜ ਰੁਪਏ ਮਿਲੇ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 13 ਜੁਲਾਈ
ਕੇਂਦਰੀ ਸਿੱਖਿਆ ਮੰਤਰਾਲੇ ਨੇ ਚੰਡੀਗੜ੍ਹ ਦੇ ਸਮੱਗਰ ਸਿੱਖਿਆ ਤਹਿਤ ਪ੍ਰਾਜੈਕਟਾਂ ਲਈ 24 ਕਰੋੜ ਰੁਪਏ ਭੇਜੇ ਹੈ। ਕੇਂਦਰ ਨੇ ਇਹ ਬਜਟ ਜਾਰੀ ਕਰਦਿਆਂ ਕਿਹਾ ਕਿ ਜੇ ਯੂਟੀ ਨੇ ਸਿੱਖਿਆ ਪ੍ਰਬੰਧਾਂ ’ਤੇ ਸਮੇਂ ਸਿਰ ਰਾਸ਼ੀ ਨਾ ਖਰਚੀ ਤਾਂ ਉਸ ਦੇ ਅਗਲੀ ਕਿਸ਼ਤ ਦੇ 24 ਕਰੋੜ ਦੇ ਬਜਟ ’ਤੇ ਇਤਰਾਜ਼ ਲਾਏ ਜਾਣਗੇ। ਕੇਂਦਰ ਨੇ ਸਮੱਗਰ ਸਿੱਖਿਆ ਲਈ ਸਾਲ 2025-26 ਲਈ 148 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਸੀ ਜਿਸ ਨੂੰ ਕਈ ਕਿਸ਼ਤਾਂ ਵਿਚ ਜਾਰੀ ਕੀਤਾ ਜਾਵੇਗਾ। ਇਹ ਵੀ ਪਤਾ ਲੱਗਿਆ ਹੈ ਕਿ ਯੂਟੀ ਦੇ ਸਿੱਖਿਆ ਵਿਭਾਗ ਨੇ ਇਸ ਬਜਟ ਨਾਲ ਸਕੂਲਾਂ ਵਿਚ ਕੰਪਿਊਟਰ ਲੈਬਜ਼ ਤੇ ਹੋਰ ਪ੍ਰਾਜੈਕਟ ਮੁਕੰਮਲ ਕਰਨ ਦੀ ਯੋਜਨਾ ਉਲੀਕੀ ਹੈ। ਇਹ ਮਨਜ਼ੂਰੀ ਪ੍ਰਾਜੈਕਟ ਅਪਰੂਵਲ ਬੋਰਡ ਦੀ ਮੀਟਿੰਗ ਤੋਂ ਬਾਅਦ ਦਿੱਤੀ ਗਈ ਹੈ।
ਇਹ ਪਤਾ ਲੱਗਿਆ ਹੈ ਕਿ ਕੇਂਦਰ ਵੱਲੋਂ 24 ਕਰੋੜ ਰੁਪਏ ਦਾ ਪੱਤਰ ਚੰਡੀਗੜ੍ਹ ਦੇ ਅਕਾਊਂਟੈਂਟ ਜਨਰਲ ਨੂੰ 11 ਜੁਲਾਈ ਨੂੰ ਮਿਲਿਆ ਹੈ ਤੇ ਅਕਾਊਂਟੈਂਟ ਜਨਰਲ ਵਲੋਂ ਇਸ ਰਾਸ਼ੀ ਨੂੰ ਖਜ਼ਾਨਾ ਦਫਤਰ ਵਿਚ ਆਉਣ ਵਾਲੇ ਹਫਤੇ ਵਿਚ ਭੇਜਿਆ ਜਾਵੇਗਾ ਜਿਸ ਤੋਂ ਬਾਅਦ ਇਹ ਰਾਸ਼ੀ ਸਮੱਗਰ ਸਿੱਖਿਆ ਦੇ ਖਾਤੇ ਵਿਚ ਪਾ ਦਿੱਤੀ ਜਾਵੇਗੀ ਤੇ ਉਸ ਤੋਂ ਬਾਅਦ ਇਹ ਪੈਸਾ ਅੱਗੇ ਸਕੂਲਾਂ ਨੂੰ ਭੇਜਿਆ ਜਾਵੇਗਾ। ਇਹ ਵੀ ਦੱਸਣਾ ਬਣਦਾ ਹੈ ਕਿ ਯੂਟੀ ਦੇ ਸਮੱਗਰ ਸਿੱਖਿਆ ਤਹਿਤ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਤੇ ਉਨ੍ਹਾਂ ਦੇ ਕਈ ਬਕਾਏ ਵੀ ਲੰਬਿਤ ਹਨ।
ਕੇਂਦਰ ਵਲੋਂ ਭੇਜੇ ਪੈਸੇ ਨਾਲ 57 ਲੈਬਜ਼ ਬਣਾਈਆਂ ਜਾਣਗੀਆਂ
ਯੂਟੀ ਦੇ ਸਿੱਖਿਆ ਵਿਭਾਗ ਨੇ ਇਸ ਪੈਸੇ ਨਾਲ ਇਨਫਰਮੇਸ਼ਨ ਤੇ ਕਮਿਊਨੀਕੇਸ਼ਨ ਟੈਕਨਾਲੋਜੀ ਲੈਬਜ਼ ਦਾ ਨਿਰਮਾਣ ਕਰਨ ਦਾ ਫੈਸਲਾ ਕੀਤਾ ਹੈ। ਇਸ ਤਹਿਤ 47 ਇਨਫਰਮੇਸ਼ਨ ਤੇ ਕਮਿਊਨੀਕੇਸ਼ਨ ਟੈਕਨਾਲੋਜੀ ਲੈਬ ਤੇ 10 ਵਰਚੁਅਲ ਰਿਐਲਿਟੀ ਲੈਬਜ਼ ਦਾ ਨਿਰਮਾਣ ਕੀਤਾ ਜਾਵੇਗਾ। ਸਿੱਖਿਆ ਵਿਭਾਗ ਦੇ ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਇਸ ਰਾਸ਼ੀ ਨਾਲ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇਗਾ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਸਮੱਗਰ ਸਿੱਖਿਆ ਤਹਿਤ ਮਿਲੇ ਪੈਸੇ ਨਾਲ ਅਧਿਆਪਕਾਂ ਦੀਆਂ ਤਨਖਾਹਾਂ ਜਾਰੀ ਕੀਤੀਆਂ ਜਾਣਗੀਆਂ ਤੇ ਇਸ ਪ੍ਰਾਜੈਕਟ ਨਾਲ ਸਬੰਧਤ ਸੈਮੀਨਾਰ ਤੇ ਹੋਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ।
ਸਿੱਖਿਆ ਵਿਭਾਗ ਨੇ 2024-25 ਦਾ ਪੂਰਾ ਪੈਸਾ ਨਹੀਂ ਸੀ ਖਰਚਿਆ
ਕੇਂਦਰ ਨੇ ਸਾਲ 2024-25 ਲਈ ਸਮੱਗਰ ਸਿੱਖਿਆ ਤਹਿਤ ਗਰਾਂਟ ਭੇਜੀ ਸੀ ਪਰ ਯੂਟੀ ਨੇ ਇਸ ਪੈਸੇ ਦੀ ਪੂਰੀ ਵਰਤੋਂ ਨਹੀਂ ਕੀਤੀ ਤੇ ਨਾ ਹੀ ਇਸ ਪੈਸੇ ਨਾਲ ਕੰਪਿਊਟਰ ਤੇ ਵਰਚੁਅਲ ਰਿਐਲਿਟੀ ਲੈਬਜ਼ ਦੀ ਸਥਾਪਨਾ ਕੀਤੀ ਜਿਸ ਲਈ ਕੇਂਦਰ ਨੇ ਯੂਟੀ ਦੀ ਖਿਚਾਈ ਵੀ ਕੀਤੀ ਸੀ ਤੇ ਇਸ ਪੈਸੇ ਨੂੰ ਇਕ ਸਾਲ ਲਈ ਅਗਲੇ ਬਜਟ ਵਿਚ ਪਾ ਦਿੱਤਾ ਸੀ। ਹੁਣ ਕੇਂਦਰ ਵਲੋਂ ਕਿਹਾ ਜਾ ਰਿਹਾ ਹੈ ਕਿ ਜੇ ਉਸ ਨੇ ਜੁਲਾਈ ਵਿਚ ਭੇਜੇ 24 ਕਰੋੜ ਰੁਪਏ ਦੀ ਰਾਸ਼ੀ ਦਾ 75 ਫੀਸਦੀ ਨਹੀਂ ਖਰਚਿਆ ਤਾਂ ਉਸ ਨੂੰ ਅਗਸਤ-ਸਤੰਬਰ ਦੀ ਅਗਲੀ ਕਿਸ਼ਤ ਵਿਚ ਅੜਿੱਕੇ ਪੈ ਸਕਦੇ ਹਨ।