ਚੰਡੀਗੜ੍ਹ ਕਾਂਗਰਸ ਨੇ ਖਸਤਾ ਹਾਲ ਸੜਕਾਂ ਲਈ ਭਾਜਪਾ ਨੂੰ ਘੇਰਿਆ
ਚੰਡੀਗੜ੍ਹ ਕਾਂਗਰਸ ਨੇ ਅੱਜ ਸ਼ਹਿਰ ਵਿੱਚ ਸੜਕਾਂ ਦੀ ਖਸਤਾ ਹਾਲਤ ਲਈ ਭਾਜਪਾ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਚੰਡੀਗੜ੍ਹ ਕਾਂਗਰਸ ਦੇ ਆਗੂਆਂ ਨੇ ਸੈਕਟਰ-19 ਤੇ 27 ਵਾਲੀ ਸੜਕ ’ਤੇ ਪਏ ਖੱਡਿਆਂ ਵਿੱਚ ਮਿੱਟੀ ਭਰ ਕੇ ਭਾਜਪਾ ਦਾ ਚੋਣ ਨਿਸ਼ਾਨ ਕਮਲ ਦੇ ਫੁੱਲ ਪੁੱਠੇ ਕਰਕੇ ਲਗਾਏ ਗਏ। ਇਸ ਦੇ ਨਾਲ ਹੀ ਭਾਜਪਾ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਚੰਡੀਗੜ੍ਹ ਕਾਂਗਰਸ ਦੇ ਸੀਨੀਅਰ ਆਗੂ ਹਰਮੇਲ ਕੇਸਰੀ ਨੇ ਸ਼ਹਿਰ ਦੀਆਂ ਖਸਤਾ ਹਾਲ ਸੜਕਾਂ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜਿਨ੍ਹਾਂ ਨੇ ਸਿਟੀ ‘ਬਿਊਟੀਫੁੱਲ’ ਨੂੰ ਸਿਟੀ ‘ਡਰਟੀਫੁੱਲ’ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਹਾਲਤ ਮਾੜੀ ਹੈ, ਜਿਸ ਕਰਕੇ ਰੋਜ਼ਾਨਾਂ ਵੱਖ-ਵੱਖ ਥਾਵਾਂ ’ਤੇ ਸੜਕ ਹਾਦਸੇ ਵੀ ਵਾਪਰ ਰਹੇ ਹਨ।
ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਚੰਡੀਗੜ੍ਹ ਨਗਰ ਨਿਗਮ ਕੰਗਾਲ ਹੋ ਚੁੱਕੀ ਹੈ। ਅੱਜ ਚੰਡੀਗੜ੍ਹ ਨਗਰ ਨਿਗਮ ਕੋਲ ਸ਼ਹਿਰ ਦੇ ਵਿਕਾਸ ਲਈ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸ਼ਹਿਰ ਵਿੱਚ 24 ਘੰਟੇ ਪਾਣੀ ਦੇਣ ਵਾਲੇ ਪ੍ਰਾਜੈਕਟ ਵਿੱਚ ਕਰੋੜਾਂ ਰੁਪਏ ਬਰਬਾਦ ਕਰ ਦਿੱਤੇ ਹਨ, ਪਰ ਲੋਕਾਂ ਨੂੰ 24 ਘੰਟੇ ਪਾਣੀ ਨਹੀਂ ਮਿਲ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਨਗਰ ਨਿਗਮ ਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਵੀ ਭਾਜਪਾ ਹੀ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਲੋਕ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਵੇਖ ਰਹੇ ਹਨ, ਜੋ ਕਿ ਅਗਾਮੀ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਨੂੰ ਮੋੜਵਾਂ ਜਵਾਬ ਦੇਣਗੇ। ਇਸ ਮੌਕੇ ਵਸੀਮ ਮੀਰ, ਵਿਕਰਮ ਜੀਤ ਸਿੰਘ ਹੈਪੀ, ਇਮਰਾਨ ਮਨਸੂਰੀ, ਯੂਥ ਕਾਂਗਰਸ ਦੇ ਪ੍ਰਧਾਨ ਦੀਪਕ ਲੁਬਾਣਾ, ਸੰਦੀਪ ਕੁਮਾਰ, ਸੰਜੀਵ ਬਿਰਲਾ ਸਣੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਰਹੇ।