Chandigarh: ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਮੇਅਰ
ਮੁਕੇਸ਼ ਕੁਮਾਰ
ਚੰਡੀਗੜ੍ਹ, 29 ਜਨਵਰੀ
ਚੰਡੀਗੜ੍ਹ ਦੇ ਮੇਅਰ ਦੀ ਚੋਣ ਸਬੰਧੀ ਨਗਰ ਨਿਗਮ ਭਵਨ ਦੁਆਲੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਮੇਅਰ ਚੋਣ ਲਈ ਭਲਕੇ ਵੀਰਵਾਰ ਨੂੰ ਨਗਰ ਨਿਗਮ ਭਵਨ ਪੂਰੀ ਤਰ੍ਹਾਂ ਨਾਲ ਸੀਲ ਰਹੇਗਾ ਅਤੇ ਆਮ ਲੋਕਾਂ ਦਾ ਦਾਖ਼ਲਾ ਬੰਦ ਰਹੇਗਾ। ਡਿਪਟੀ ਕਮਿਸ਼ਨਰ ਨਿਸ਼ਾਨ ਕੁਮਾਰ ਯਾਦਵ ਨੇ ਬੁੱਧਵਾਰ ਨੂੰ ਨਗਰ ਨਿਗਮ ਦਫ਼ਤਰ ਵਿੱਚ ਮੀਟਿੰਗ ਅਤੇ ਨਿਗਮ ਦੇ ਅਸੈਂਬਲੀ ਹਾਲ ਵਿੱਚ ਹੋਣ ਵਾਲੀ ਮੇਅਰ ਦੀ ਚੋਣ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸੁਰੱਖਿਆ ਪ੍ਰਬੰਧਾਂ, ਲੌਜਿਸਟਿਕਸ ਅਤੇ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਸਣੇ ਚੋਣ ਤਿਆਰੀਆਂ ਦਾ ਜਾਇਜ਼ਾ ਲਿਆ। ਕਮਿਸ਼ਨਰ ਨੇ ਨਗਰ ਨਿਗਮ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਅਤੇ ਪੁਲੀਸ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ।
ਉਨ੍ਹਾਂ ਨਿਰਪੱਖ, ਪਾਰਦਰਸ਼ੀ ਅਤੇ ਕੁਸ਼ਲ ਚੋਣ ਪ੍ਰਕਿਰਿਆ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਦੌਰਾਨ ਸਾਰੇ ਸਬੰਧਤਾਂ ਨੂੰ ਉਨ੍ਹਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਇਆ ਅਤੇ ਸਾਰੇ ਅਧਿਕਾਰੀਆਂ ਨੂੰ ਇਨ੍ਹਾਂ ਚੋਣਾਂ ਦੇ ਸਫ਼ਲਤਾਪੂਰਵਕ ਸੰਚਾਲਨ ਲਈ ਨਿਯਮ ਪੁਸਤਕ ਅਨੁਸਾਰ ਆਪਣੀਆਂ ਡਿਊਟੀਆਂ ਸਖ਼ਤੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਚੋਣ ਸਬੰਧੀ ਪੁਲੀਸ ਵੱਲੋਂ ਨਗਰ ਨਿਗਮ ਭਵਨ ਵੱਲ ਜਾਣ ਵਾਲੇ ਤਿੰਨਾਂ ਰਸਤਿਆਂ ’ਤੇ ਢੁੱਕਵੀਂ ਬੈਰੀਕੇਡਿੰਗ ਕੀਤੀ ਜਾਵੇਗੀ ਅਤੇ ਚੋਣਾਂ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੋੜੀਂਦੇ ਪੁਲੀਸ ਕਰਮਚਾਰੀ (ਪੁਰਸ਼ ਅਤੇ ਔਰਤ) ਤਾਇਨਾਤ ਕੀਤੇ ਜਾਣਗੇ।
ਮੇਅਰ ਦੀ ਚੋਣ ਸੁਪਰੀਮ ਕੋਰਟ ਵਲੋਂ ਨਿਯੁਕਤ ਸਾਬਕਾ ਜੱਜ ਜਸਟਿਸ ਜੈਸ਼੍ਰੀ ਠਾਕੁਰ ਦੀ ਦੇਖ-ਰੇਖ ਹੋਵੇਗੀ ਅਤੇ ਚੋਣ ਲਈ ਨਾਮਜ਼ਦ ਕੌਂਸਲਰ ਰਮਣੀਕ ਸਿੰਘ ਬੇਦੀ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਬਣਾਇਆ ਗਿਆ ਹੈ।
ਪੰਜ ਜਾਂ ਪੰਜ ਤੋਂ ਵੱਧ ਵਿਅਕਤੀ ਇਕੱਠੇ ਹੋਣ ’ਤੇ ਪਾਬੰਦੀ
ਡਿਪਟੀ ਕਮਿਸ਼ਨਰ ਨੀਤੀਸ਼ ਕੁਮਾਰ ਯਾਦਵ ਨੇ ਦੇਰ ਸ਼ਾਮ ਵੱਖਰੇ ਤੌਰ ’ਤੇ ਇੱਕ ਆਦੇਸ਼ ਜਾਰੀ ਕਰਕੇ ਨਿਗਮ ਭਵਨ ਦੇ ਦੁਆਲੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਦੇ ਤਹਿਤ ਨਗਰ ਨਿਗਮ ਭਵਨ ਦੇ ਅੰਦਰ ਅਤੇ ਨਿਗਮ ਭਵਨ ਦੇ 100 ਗਜ਼ ਘੇਰੇ ਦੇ ਅੰਦਰ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਲਗਾ ਦਿੱਤੀ ਹੈ।
ਨਿਗਮ ਭਵਨ ’ਚ ਆਮ ਲੋਕਾਂ ਦਾ ਦਾਖ਼ਲਾ ਰਹੇਗਾ ਬੰਦ
ਮੇਅਰ ਦੀ ਚੋਣ ਲਈ ਸੈਕਟਰ-17 ਸਥਿਤ ਨਿਗਮ ਭਵਨ ਵਿੱਚ ਕੌਂਸਲਰਾਂ, ਨਿਗਮ ਕਰਮਚਾਰੀਆਂ ਦੀ ਹੀ ਪਛਾਣ ਪੱਤਰ ਦੇਖ ਕੇ ਐਂਟਰੀ ਹੋਵੇਗੀ। ਮੀਡਿਆ ਨੂੰ ਵੀ ਅਸੈਂਬਲੀ ਹਾਲ ਦੀ ਥਾਂ ਪੰਜਵੀ ਮੰਜ਼ਿਲ ਤੇ ਬਣਾਏ ਗਏ ਕਾਨਫਰੰਸ ਰੂਮ ਵਿੱਚ ਬੈਠਣ ਦੇ ਇੰਤਜ਼ਾਮ ਕੀਤੇ ਗਏ ਹਨ। ਨਿਗਮ ਭਵਨ ਵਿੱਚ ਆਮ ਲੋਕਾਂ ਦਾ ਦਾਖ਼ਲਾ ਬੰਦ ਰਹੇਗਾ।
ਕਾਂਗਰਸ ਤੇ ‘ਆਪ’ ਦੇ ਕੌਂਸਲਰ ਅੱਜ ਸ਼ਹਿਰ ਪਰਤਣਗੇ
ਮੇਅਰ ਦੀ ਚੋਣ ਲਈ ਕਿਸੇ ਤਰ੍ਹਾਂ ਦੀ ਦਲਬਦਲੀ ਦੇ ਡਰ ਤੋਂ ਮੇਅਰ ਚੋਣ ਵਿੱਚ ਭਾਈਵਾਲ ‘ਆਪ’ ਤੇ ਕਾਂਗਰਸ ਦੇ ਕੌਂਸਲਰ ਚੰਡੀਗੜ੍ਹ ਸ਼ਹਿਰ ਤੋਂ ਬਾਹਰ ਡੇਰਾ ਜਮਾਈ ਬੈਠੇ ਹਨ। ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਡੇਰਾ ਲਾ ਕੇ ਬੈਠੇ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਚੰਡੀਗੜ੍ਹ ਮੇਅਰ ਚੋਣ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਚੰਡੀਗੜ੍ਹ ਕਾਂਗਰਸ ਪਾਰਟੀ ਦੇ ਪ੍ਰਧਾਨ ਐੱਚਐੱਸ ਲੱਕੀ ਅਤੇ ਚੰਡੀਗੜ੍ਹ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਆਪਣੇ 6 ਕੌਂਸਲਰਾਂ ਨੂੰ ਇੱਕਜੁੱਟ ਰਹਿਣ ਲਈ ਕਿਹਾ। ਸੂਤਰਾਂ ਅਨੁਸਾਰ ਇਹ ਗੁਪਤ ਮੀਟਿੰਗ ਲੁਧਿਆਣਾ ਦੇ ਫਿਰੋਜ਼ਪੁਰ ਰੋਡ ’ਤੇ ਸਥਿਤ ਇੱਕ ਹੋਟਲ ਵਿੱਚ ਹੋਈ ਸੀ। ਚੰਡੀਗੜ੍ਹ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਐੱਚਐੱਸ ਲੱਕੀ ਨੇ ਕਿਹਾ ਕਿ ਭਲਕੇ ਵੀਰਵਾਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਸਿਰਫ਼ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਹੀ ਮੇਅਰ ਬਣੇਗਾ। ਉਧਰ ‘ਆਪ’ ਦੇ ਕੌਂਸਲਰ ਵੀ ਰੋਪੜ ਜ਼ਿਲ੍ਹੇ ਵਿੱਚ ਕਿਸੀ ਰਿਜ਼ੌਰਟ ਵਿੱਚ ਹਨ ਅਤੇ ਉਨ੍ਹਾਂ ਦੇ ਵੀ ਭਲਕੇ ਚੋਣ ਵਾਲੇ ਦਿਨ ਹੀ ਚੰਡੀਗੜ੍ਹ ਪਹੁੰਚਣ ਦੀ ਚਰਚਾ ਹੈ। ਇਹ ਵੀ ਚਰਚਾ ਹੈ ਕਿ ਮੇਅਰ ਦੀ ਉਮੀਦਵਾਰੀ ਲਈ ਨਾਰਾਜ਼ ਚੱਲ ਰਹੇ ‘ਆਪ’ ਦੇ ਚਾਰ ਕੌਂਸਲਰ ਉਨ੍ਹਾਂ ਨਾਲ ਨਹੀਂ ਗਏ, ਜਿਸ ਨੇ ਪਾਰਟੀ ਦੀ ਚਿੰਤਾ ਵਧਾ ਦਿੱਤੀ ਹੈ। ਉਧਰ ਵਿਰੋਧੀ ਧਿਰ ਭਾਜਪਾ ਨੇ ਮੇਅਰ ਚੋਣ ਲਈ ਆਪਣੇ ਸਾਰੇ ਕੌਂਸਲਰਾਂ ਅਤੇ ਸਿਖ਼ਰਲੀ ਲੀਡਰਸ਼ਿਪ ਸਣੇ ਇੱਥੇ ਲੇਕ ਕਲੱਬ ਵਿੱਚ ਲੰਚ ਪਾਰਟੀ ਕੀਤੀ। ਸਾਰੇ ਕੌਂਸਲਰਾਂ ਨੇ ਕਿਹਾ ਕਿ ਉਹ ਮੇਅਰ ਚੋਣ ਨੂੰ ਲੈਕੇ ਇੱਕਜੁੱਟ ਹਨ।