ਸੈਕਟਰ 10 ਸਥਿਤ ਲਈਅਰ ਵੈਲੀ ਵਿੱਚ ਚੱਲ ਰਹੇ ਚੰਡੀਗੜ੍ਹ ਕਾਰਨੀਵਲ-2025 ਦੇ ਅੱਜ ਦੂਜੇ ਦਿਨ ਵੀ ਵੱਡੀ ਗਿਣਤੀ ਵਿੱਚ ਦਰਸ਼ਕਾਂ ਦੀ ਭੀੜ ਉਮੜੀ ਜਿਨ੍ਹਾਂ ਨੇ ਵੱਖ-ਵੱਖ ਸੂਬਿਆਂ ਦੀਆਂ ਸੱਭਿਆਚਾਰਕ ਵੰਨਗੀਆਂ, ਕਲਾ ਵਰਕਸ਼ਾਪਾਂ, ਲਾਈਵ ਪ੍ਰਦਰਸ਼ਨਾਂ, ਇੱਕ ਸ਼ਿਲਪਕਾਰੀ ਪ੍ਰਦਰਸ਼ਨੀ ਅਤੇ ਫੂਡ ਕੋਰਟ ਦਾ ਅਨੰਦ ਲਿਆ।
ਸਰਕਾਰੀ ਅਜਾਇਬ ਘਰ ਅਤੇ ਆਰਟ ਗੈਲਰੀ ਵਿਖੇ ਵਿਸ਼ੇਸ਼ ਪ੍ਰਦਰਸ਼ਨੀ ‘ਰਹੱਸਮਈ ਸੰਗਮ’ ਲਗਾਈ ਗਈ ਜਿਸ ਵਿੱਚ ਦੇਵੇਂਦਰ ਸ਼ੁਕਲਾ ਵੱਲੋਂ ਕੀਤੇ ਗਏ ਕੰਮਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਪ੍ਰਦਰਸ਼ਨੀ ਨੂੰ ਵੀ ਕਲਾ ਪ੍ਰੇਮੀਆਂ ਵੱਲੋਂ ਉਤਸ਼ਾਹਜਨਕ ਹੁੰਗਾਰਾ ਮਿਲਿਆ। ਅੱਜ ਦੇ ਇਸ ਕਾਰਨੀਵਾਲ ਵਿੱਚ ਦਰਸ਼ਕਾਂ ਨੇ ਸਭ ਤੋਂ ਵੱਧ ਨਜ਼ਾਰਾ ਸ਼ਾਮ ਦੇ ਸਮੇਂ ਲਿਆ ਜਿੱਥੇ ਕਿ ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ ਦਾ ਲਾਈਵ ਪ੍ਰੋਗਰਾਮ ਕਰਵਾਇਆ ਗਿਆ। ਮਾਨ ਨੇ ‘ਗੱਲ੍ਹਾਂ ਗੋਰੀਆਂ ਦੇ ਵਿੱਚ ਟੋਏ’, ‘ਯਾਰਾ ਓ ਦਿਲਦਾਰਾ’ ਆਦਿ ਵਰਗੇ ਮਸ਼ਹੂਰ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਕਾਰਨੀਵਾਲ ਦੇ ਇਸ ਸਮਾਗਮ ਵਿੱਚ ਸਕੱਤਰ ਪਰਸੋਨਲ ਸਵਪਨਿਲ ਐੱਮ ਨਾਇਕ ਆਈ ਏ ਐੱਸ, ਨਗਰ ਨਿਗਮ ਦੇ ਵਿਸ਼ੇਸ਼ ਕਮਿਸ਼ਨਰ ਪ੍ਰਦੀਪ ਕੁਮਾਰ ਆਈ ਏ ਐੱਸ, ਡਾਇਰੈਕਟਰ ਸੈਰ ਸਪਾਟਾ ਚੰਡੀਗੜ੍ਹ ਸ਼੍ਰੀਮਤੀ ਰਾਧਿਕਾ ਸਿੰਘ ਐੱਚ ਸੀ ਐੱਸ ਸਣੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਸਰਕਾਰੀ ਬੁਲਾਰੇ ਨੇ ਦੱਸਿਆ ਕਿ 16 ਨਵੰਬਰ ਦੀ ਸ਼ਾਮ ਨੂੰ ਪ੍ਰਸਿੱਧ ਗਾਇਕ ਅਭਿਜੀਤ ਭੱਟਾਚਾਰੀਆ ਦੇ ਲਾਈਵ ਪ੍ਰਦਰਸ਼ਨ ਨਾਲ ਕਾਰਨੀਵਲ ਸਮਾਪਤ ਹੋਵੇਗਾ।

