ਲਈਅਰ ਵੈਲੀ ਵਿੱਚ ‘ਚੰਡੀਗੜ੍ਹ ਕਾਰਨੀਵਲ’ ਧੂਮ-ਧੜੱਕੇ ਨਾਲ ਸ਼ੁਰੂ
ਵਿਦਿਆਰਥੀਆਂ ਵੱਲੋਂ ਡਿਜ਼ਾਈਨ ਕੀਤੇ ਫਲੋਟਸ ਅਤੇ ਵਿੰਟੇਜ ਕਾਰਾਂ ਦਾ ਪ੍ਰਦਰਸ਼ਨ; ਸ਼ੌਕੀਨਾਂ ਨੇ ਪਕਵਾਨਾਂ ਦਾ ਲੁਤਫ਼ ਲਿਆ
ਸੈਕਟਰ 10 ਸਥਿਤ ਲਈਅਰ ਵੈਲੀ ਵਿੱਚ ‘ਚੰਡੀਗੜ੍ਹ ਕਾਰਨੀਵਲ’ ਅੱਜ ਪੂਰੇ ਧੂਮ-ਧੜੱਕੇ ਨਾਲ ਸ਼ੁਰੂ ਹੋ ਗਿਆ। ਇਸ ਤਿੰਨ ਦਿਨਾ ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਯੂਟੀ ਚੰਡੀਗੜ੍ਹ ਦੇ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ ਵੱਲੋਂ ਕੀਤਾ ਗਿਆ।
ਮੁੱਖ ਮਹਿਮਾਨ ਨੇ ਕਾਰਨੀਵਲ ਪਰੇਡ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਿਸ ਵਿੱਚ ਸਰਕਾਰੀ ਕਾਲਜ ਆਫ਼ ਆਰਟਸ ਦੇ ਵਿਦਿਆਰਥੀਆਂ ਵੱਲੋਂ ਡਿਜ਼ਾਈਨ ਕੀਤੇ ਗਏ ਪ੍ਰਭਾਵਸ਼ਾਲੀ ਫਲੋਟਸ ਅਤੇ ਵਿੰਟੇਜ ਕਾਰਾਂ ਦਾ ਪ੍ਰਦਰਸ਼ਨ ਕੀਤਾ ਗਿਆ। ਦਰਸ਼ਕਾਂ ਨੇ ਰੰਗ-ਬਿਰੰਗੀਆਂ ਪ੍ਰਦਰਸ਼ਨੀ ਸਟਾਲਾਂ ਦੇ ਨਜ਼ਾਰੇ ਦੇਖੇ, ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ ਨਾਲ ਗੱਲਬਾਤ ਕੀਤੀ ਅਤੇ ਤਿਉਹਾਰੀ ਮਾਹੌਲ ਦਾ ਆਨੰਦ ਮਾਣਿਆ। ਕਾਰਨੀਵਲ ਵਿੱਚ ਲੱਗੀਆਂ ਸਟਾਲਾਂ ਨੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੱਖ-ਵੱਖ ਸਰਕਾਰੀ ਸਮਾਜਾਂ ਦੇ ਉਤਪਾਦਾਂ ਤੇ ਟ੍ਰੈਫ਼ਿਕ ਜਾਗਰੂਕਤਾ ਪਹਿਲਕਦਮੀਆਂ ਦੇ ਨਾਲ-ਨਾਲ ਭਾਰਤ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਪ੍ਰਦਰਸ਼ਨ ਕੀਤਾ। ਲਾਈਵ ਪੇਂਟਿੰਗ ਸੈਸ਼ਨ ਵੀ ਕੀਤੇ ਜਾ ਰਹੇ ਹਨ। ਸੈਲਾਨੀ ਫੂਡ ਸਟਾਲਾਂ ’ਤੇ ਵੱਖ-ਵੱਖ ਖੇਤਰਾਂ ਦੇ ਪਕਵਾਨਾਂ ਦੇ ਲੁਤਫ਼ ਲੈ ਰਹੇ ਹਨ ਅਤੇ ਮਨੋਰੰਜਨ ਪਾਰਕ ਵਿੱਚ ਅਨੋਖੇ ਵਾਹਨਾਂ ਦੀਆਂ ਸਵਾਰੀਆਂ ਦਾ ਆਨੰਦ ਲੈ ਸਕਦੇ ਹਨ। ਚੰਡੀਗੜ੍ਹ, ਦਿੱਲੀ, ਤ੍ਰਿਪੁਰਾ, ਅਸਾਮ ਅਤੇ ਦੱਖਣੀ ਕੋਰੀਆ ਦੇ ਕਲਾਕਾਰਾਂ ਵੱਲੋਂ ਪੂਰਾ ਦਿਨ ਆਰਟਸ ਵਰਕਸ਼ਾਪਾਂ ਲਗਾਈਆਂ ਗਈਆਂ। ਟ੍ਰਾਈਸਿਟੀ ਦੇ ਨੌਜਵਾਨ ਕਲਾਕਾਰਾਂ ਨੇ ਮਿੱਟੀ ਦੇ ਭਾਂਡੇ, ਮੂਰਤੀ, ਪ੍ਰਿੰਟ ਮੇਕਿੰਗ ਅਤੇ ਪੋਰਟਰੇਟ ਪੇਂਟਿੰਗ ਵਰਗੇ ਕਲਾ ਰੂਪਾਂ ਵਿੱਚ ਲਾਈਵ ਪ੍ਰਦਰਸ਼ਨ ਕੀਤੇ। ਸ਼ਾਮ ਸਮੇਂ ਇੱਕ ਲਾਈਵ ਸੰਗੀਤਕ ਬੈਂਡ ਪ੍ਰਦਰਸ਼ਨ ਨੇ ਕਾਰਨੀਵਲ ਦੀ ਸ਼ਾਮ ਨੂੰ ਹੋਰ ਮਨਮੋਹਕ ਬਣਾ ਦਿੱਤਾ। ਕਾਰਨੀਵਲ ਦੇ ਹਿੱਸੇ ਵਜੋਂ ਸੈਕਟਰ 10 ਦੇ ਸਰਕਾਰੀ ਅਜਾਇਬ ਘਰ ਅਤੇ ਆਰਟ ਗੈਲਰੀ ਵਿਖੇ ‘ਰਹੱਸਮਈ ਸੰਗਮ’ ਸਿਰਲੇਖ ਵਾਲੀ ਵਿਸ਼ੇਸ਼ ਕਲਾ ਪ੍ਰਦਰਸ਼ਨੀ ਤੇ ਵੀਡੀਓ ਸਥਾਪਨਾ ਦਾ ਉਦਘਾਟਨ ਵੀ ਕੀਤਾ ਗਿਆ। ਪ੍ਰਦਰਸ਼ਨੀ ਦੱਖਣੀ ਕੋਰੀਆਈ ਕਲਾਕਾਰ ਜੰਗ ਹੀ ਮੁਨ ਤੇ ਭਾਰਤੀ ਕਲਾਕਾਰ ਦੇਵੇਂਦਰ ਸ਼ੁਕਲਾ ਦੇ ਕੰਮਾਂ ਨੂੰ ਪ੍ਰਦਰਸ਼ਿਤ ਕਰਦੀ ਹੈ ਤੇ 16 ਨਵੰਬਰ ਤੱਕ ਖੁੱਲ੍ਹੀ ਰਹੇਗੀ। ਕੋਰਿਆਈ ਚੌਲਾਂ ਦੇ ਕਾਗਜ਼ ਤੇ ਕੈਨਵਸ ’ਤੇ ਲਾਈਵ ਪ੍ਰਦਰਸ਼ਨ 16 ਨਵੰਬਰ ਨੂੰ 4.30 ਵਜੇ ਕੀਤਾ ਜਾਵੇਗਾ।
ਹਰਭਜਨ ਮਾਨ ਦਾ ਲਾਈਵ ਸ਼ੋਅ ਅੱਜ
ਕਾਰਨੀਵਾਲ ਵਿੱਚ 15 ਨਵੰਬਰ ਦੀ ਸ਼ਾਮ 7 ਵਜੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਹਰਭਜਨ ਮਾਨ ਆਪਣੇ ਲਾਈਵ ਸ਼ੋਅ ਵਿੱਚ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਜਦਕਿ 16 ਨਵੰਬਰ ਦੀ ਸ਼ਾਮ 7 ਵਜੇ ਅਭਿਜੀਤ ਭੱਟਾਚਾਰੀਆ ਵੱਲੋਂ ਲਾਈਵ ਪਰਫਾਰਮੈਂਸ ਦਿੱਤੀ ਜਾਵੇਗੀ।
ਫੋਟੋਗ੍ਰਾਫ਼ੀ ਮੁਕਾਬਲਾ ਭਲਕੇ
‘ਕਾਰਨੀਵਾਲ ਤੋਂ ਝਲਕ-ਚੰਡੀਗੜ੍ਹ ਕਾਰਨੀਵਲ 2025’ ਥੀਮ ’ਤੇ ਫੋਟੋਗ੍ਰਾਫੀ ਮੁਕਾਬਲਾ ਵੀ 16 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਐਂਟਰੀਆਂ 16 ਨਵੰਬਰ ਨੂੰ ਦੁਪਹਿਰ 1 ਵਜੇ ਤੱਕ ਸੀ ਐੱਲ ਕੇ ਏ ਪਵੇਲੀਅਨ ਵਿਖੇ ਜਮ੍ਹਾਂ ਕਰਵਾਈਆਂ ਜਾਣਗੀਆਂ। ਚੋਟੀ ਦੀਆਂ ਤਿੰਨ ਐਂਟਰੀਆਂ ਨੂੰ ਇਨਾਮ ਦਿੱਤੇ ਜਾਣਗੇ।

