ਚੰਡੀਗੜ੍ਹ ਕਾਰਨੀਵਲ: ਅਭੀਜੀਤ ਭੱਟਾਚਾਰੀਆ ਨੇ ਛਹਿਬਰ ਲਾਈ
ਮਿੱਟੀ ਦੇ ਭਾਂਡਿਆਂ, ਮੂਰਤੀ ਸੈਸ਼ਨ ਅਤੇ ਪੋਰਟਰੇਟ ਕਲਾ ਨੇ ਧਿਆਨ ਖਿੱਚਿਆ; ਮੌਕੇ ’ਤੇ ਫੋਟੋਗ੍ਰਾਫੀ ਮੁਕਾਬਲਾ ਕਰਵਾਇਆ
ਸੈਕਟਰ 10 ਸਥਿਤ ਲਈਅਰ ਵੈਲੀ ਵਿੱਚ ਚੰਡੀਗੜ੍ਹ ਕਾਰਨੀਵਲ-2025 ਦੀ ਆਖ਼ਰੀ ਦਿਨ ਲੋਕਾਂ ਦੀ ਭਰਵੀਂ ਆਮਦ ਨਾਲ ਸਮਾਪਤ ਹੋਇਆ। ਅੱਜ ਛੁੱਟੀ ਵਾਲਾ ਦਿਨ ਹੋਣ ਕਾਰਨ ਵੱਡੀ ਗਿਣਤੀ ਲੋਕਾਂ ਨੇ ਸੱਭਿਆਚਾਰਕ ਪ੍ਰਦਰਸ਼ਨੀਆਂ, ਕਲਾ ਗਤੀਵਿਧੀਆਂ, ਭੋਜਨ ਸਟਾਲਾਂ ਅਤੇ ਗੀਤ-ਸੰਗੀਤ ਦੀਆਂ ਪੇਸ਼ਕਾਰੀਆਂ ਦਾ ਆਨੰਦ ਮਾਣਿਆ।
ਹਾਲਾਂਕਿ ਇਸ ਦੌਰਾਨ ਸੈਕਟਰ ਨੇੜਲੀਆਂ ਸੜਕਾਂ ’ਤੇ ਭਾਰੀ ਆਵਾਜਾਈ ਕਾਰਨ ਲੋਕ ਜਾਮ ’ਚ ਵੀ ਫਸੇ ਰਹੇ ਪਰ ਟਰੈਫਿਕ ਮੁਲਾਜ਼ਮਾਂ ਨੇ ਬੜੇ ਸੁਚੱਜੇ ਢੰਗ ਨਾਲ ਰਾਹਗੀਰਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਲਈ ਜਾਮ ਖੁੱਲ੍ਹਵਾਇਆ ਤੇ ਪੈਦਲ ਰਾਹਗੀਰਾਂ ਨੂੰ ਵਾਰੋ-ਵਾਰ ਲੰਘਾਇਆ। ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਆਏ ਕਲਾਕਾਰਾਂ ਨੇ ਹੱਥੀਂ ਵਰਕਸ਼ਾਪਾਂ, ਲਾਈਵ ਅਤੇ ਰਚਨਾਤਮਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਧਿਆਨ ਖਿੱਚਿਆ। ਮਿੱਟੀ ਦੇ ਭਾਂਡੇ, ਮੂਰਤੀ ਸੈਸ਼ਨ ਅਤੇ ਪੋਰਟਰੇਟ ਕਲਾ ਨੇ ਪਰਿਵਾਰਾਂ ਅਤੇ ਨੌਜਵਾਨ ਦਰਸ਼ਕਾਂ ਨੂੰ ਆਕਰਸ਼ਿਤ ਕੀਤਾ। ਕਾਰਨੀਵਲ ਵਿੱਚ ਪਹਿਲੀ ਵਾਰ ਲੱਗੀਆਂ ਇਤਰ ਸਟਾਲਾਂ ਨੇ ਚੁਫੇਰਾ ਮਹਿਕਣ ਲਗਾ ਦਿੱਤਾ। ਸਰਕਾਰੀ ਅਜਾਇਬ ਘਰ ਅਤੇ ਆਰਟ ਗੈਲਰੀ ਸੈਕਟਰ-10 ਵਿੱਚ ਲੱਗੀ ਵਿਸ਼ੇਸ਼ ਪ੍ਰਦਰਸ਼ਨੀ ‘ਮਿਸਟੀਕਲ ਕਨਫਲੂਐਂਸ’ ਦੇ ਆਖ਼ਰੀ ਦਿਨ ਵੀ ਸੈਲਾਨੀਆਂ ਦੀ ਚੰਗੀ ਭਾਗੀਦਾਰੀ ਰਹੀ। ਦੱਖਣੀ ਕੋਰਿਆਈ ਕਲਾਕਾਰ ਜਾਂਗ ਹੀ ਮੁਨ ਵੱਲੋਂ ਸ਼ਾਮ ਨੂੰ ਕੋਰੀਅਨ ਰਾਈਸ ਪੇਪਰ ਅਤੇ ਕੈਨਵਸ ’ਤੇ ਇੱਕ ਲਾਈਵ ਪ੍ਰਦਰਸ਼ਨ ਨੇ ਸਮਾਪਤੀ ਵਾਲੇ ਦਿਨ ਇੱਕ ਵਿਲੱਖਣ ਸੱਭਿਆਚਾਰ ਦੇ ਰੂ-ਬ-ਰੂ ਕਰਵਾਇਆ। ‘ਕਾਰਨੀਵਲ ਤੋਂ ਝਲਕ-ਚੰਡੀਗੜ੍ਹ ਕਾਰਨੀਵਲ 2025’ ਥੀਮ ’ਤੇ ਮੌਕੇ ਉੱਤੇ ਫੋਟੋਗ੍ਰਾਫੀ ਮੁਕਾਬਲਾ ਵੀ ਦੁਪਹਿਰ ਵੇਲੇ ਸਮਾਪਤ ਹੋਇਆ।
ਜਿਉਂ ਹੀ ਸ਼ਾਮ ਹੋਈ ਮਸ਼ਹੂਰ ਬੌਲੀਵੁੱਡ ਪਲੇਅਬੈਕ ਗਾਇਕ ਅਭੀਜੀਤ ਭੱਟਾਚਾਰੀਆ ਦੇ ਲਾਈਵ ਪ੍ਰਦਰਸ਼ਨ ਨਾਲ ਸਮਾਂ ਬੰਨ੍ਹਿਆ ਗਿਆ। ਅਭੀਜੀਤ ਨੇ ਆਪਣੇ ਕਈ ਮਕਬੂਲ ਗੀਤਾਂ ‘ਤੁਮ ਦਿਲ ਕੀ ਧੜਕਨ ਮੇਂ ਰਹਿਤੇ ਹੋ’ ਅਤੇ ‘ਬਾਦਸ਼ਾਹ ਓ ਬਾਦਸ਼ਾਹ’ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਦਰਸ਼ਕਾਂ ਨੇ ਤਾੜੀਆਂ ਨਾਲ ਗਾਇਕ ਦੀ ਹੌਸਲਾ-ਅਫਜ਼ਾਈ ਕੀਤੀ ਅਤੇ ਇਸ ਮਨਮੋਹਕ ਸ਼ਾਮ ਦਾ ਆਨੰਦ ਮਾਣਿਆ। ਇਸ ਸਮਾਗਮ ’ਚ ਚੰਡੀਗੜ੍ਹ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ, ਆਈ ਏ ਐੱਸ, ਸਕੱਤਰ ਪਰੋਸਨਲ ਅਤੇ ਸਥਾਪਨਾ ਸ੍ਰੀ ਸਵਪਨਿਲ ਐੱਮ ਨਾਇਕ, ਆਈ ਏ ਐੱਸ, ਡਾਇਰੈਕਟਰ ਸੈਰ-ਸਪਾਟਾ ਰਾਧਿਕਾ ਸਿੰਘ ਐੱਚ ਸੀ ਐੱਸ ਤੇ ਪ੍ਰਸ਼ਾਸਨ ਨੇ ਹੋਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

