ਚੰਡੀਗੜ੍ਹ ਭਾਜਪਾ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਮਨਾਇਆ ਗਿਆ। ਇਸ ਦੌਰਾਨ ਚੰਡੀਗੜ੍ਹ ਭਾਜਪਾ ਨੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਸੇਵਾ ਕਾਰਜ ਸ਼ੁਰੂ ਕਰਕੇ ਸੇਵਾ ਪਖਵਾੜੇ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਖੂਨਦਾਨ ਕੈਂਪ ਲਗਾਏ ਗਏ। ਅੱਜ ਪ੍ਰਧਾਨ ਮੰਦਰੀ ਦੇ ਜਨਮ ਦਿਨ ’ਤੇ ਲਗਾਏ ਗਏ ਖੂਨਦਾਨ ਕੈਂਪਾਂ ਵਿੱਚ 734 ਜਣਿਆਂ ਨੇ ਖੂਨਦਾਨ ਕੀਤਾ ਹੈ। ਇਸ ਦੌਰਾਨ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਨੇ ਵੱਖ-ਵੱਖ ਖੂਨਦਾਨ ਕੈਂਪਾਂ ਵਿੱਚ ਪਹੁੰਚ ਕੇ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕੀਤੀ। ਸ੍ਰੀ ਮਲਹੋਤਰਾ ਨੇ ਕਿਹਾ ਕਿ ਖੂਨ ਦਾਨ ਸਭ ਤੋਂ ਵੱਡਾ ਮਨੁੱਖੀ ਧਰਮ ਹੈ। ਖੂਨ ਦਾਨ ਕਰਕੇ ਇਨਸਾਨ ਨਾ ਸਿਰਫ਼ ਕਿਸੇ ਮੁਸ਼ਕਲ ਵਿੱਚ ਫਸੇ ਵਿਅਕਤੀ ਦੀ ਜ਼ਿੰਦਗੀ ਬਚਾਉਂਦਾ ਹੈ, ਬਲਕਿ ਸਮਾਜ ਵਿੱਚ ਸੇਵਾ ਤੇ ਸਹਿਯੋਗ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦਾ ਹੈ। ਉਨ੍ਹਾਂ ਨੇ ਸਾਰਿਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।ਇਸ ਤਰ੍ਹਾਂ ਕਰਤਵਿਆ ਨਿਸ਼ਾ ਸੰਸਥਾ ਵੱਲੋਂ ਸੈਕਟਰ-17 ਵਿਖੇ ‘ਮੈਂ ਵੀ ਮੋਦੀ ਹਾਂ’ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਸ਼ਹਿਰ ਦੇ ਸੈਂਕੜੇ ਬੱਚਿਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਾਸਕ ਲਗਾ ਕੇ ਅਤੇ ਉਨ੍ਹਾਂ ਵਾਂਗ ਕਪੜੇ ਪਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਅਤੇ ਜਨਰਲ ਸਕੱਤਰ ਸੰਜੀਵ ਰਾਣਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਦੋਵਾਂ ਭਾਜਪਾ ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਕੀਤੇ ਜਾਣ ਵਾਲੇ ਸੇਵਾ ਪਖਵਾੜੇ ਵਿੱਚ ਵਧ ਚੜ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।