ਹੜ੍ਹਾਂ ਨੂੰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਘੇਰਿਆ
ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਐੱਨ ਕੇ ਸ਼ਰਮਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਨਿਰਦੇਸ਼ਾਂ ’ਤੇ ਪੂਰੀ ਪਾਰਟੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਤਿਆਰ ਹੈ। ਸਾਰੇ ਅਕਾਲੀ ਆਗੂ ਅਤੇ ਵਰਕਰ ਆਪਣੀ ਸਮਰੱਥਾ ਅਨੁਸਾਰ ਹੜ੍ਹ ਪ੍ਰਭਾਵਿਤਾਂ ਦੇ ਮੁੜ ਵਸੇਬੇ ਲਈ ਮਦਦ ਕਰ ਰਹੇ ਹਨ। ਉਨ੍ਹਾਂ ਅੱਜ ਲਾਲੜੂ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡ ਸਾਧਾਪੁਰ, ਬਾਜ਼ੀਗਰ ਡੇਰਾ, ਡੰਗਡੇਹਰਾ, ਖਜੂਰ ਮੰਡੀ ਵਿਚ ਆਪਣੀ ਟੀਮ ਨਾਲ ਪਹੁੰਚ ਕੇ ਜਿੱਥੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਖਾਣ-ਪੀਣ ਦੀ ਸਮੱਗਰੀ, ਰਾਸ਼ਨ, ਸੈਨਟਰੀ ਪੈਡ ਅਤੇ ਘਰੇਲੂ ਸਾਮਾਨ ਦੀਆਂ ਕਰੀਬ 500 ਕਿੱਟਾਂ ਵੰਡੀਆਂ, ਇਸ ਦੇ ਨਾਲ ਹੀ ਪਸ਼ੂਆਂ ਲਈ ਦੋ ਟਰਾਲੇ ਤੂੜੀ ਦੇ ਮੰਗਵਾ ਕੇ ਹੜ੍ਹ ਪੀੜਤ ਪਰਿਵਾਰਾਂ ਨੂੰ ਵੰਡੇ ਗਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਮੇਤ ਕਈ ਸਮਾਜਿਕ ਸੰਗਠਨ ਪੀੜਤਾਂ ਦੀ ਮਦਦ ਕਰ ਰਹੇ ਹਨ ਪਰ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ ਨੇ ਅਜੇ ਤੱਕ ਕੋਈ ਰਾਹਤ ਪੈਕੇਜ ਦਾ ਐਲਾਨ ਨਹੀਂ ਕੀਤਾ ਹੈ।
ਇਸ ਦੌਰਾਨ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਪੁੱਤਰ ਗੁਰਸਹਿਜ ਸਿੰਘ ਰੰਧਾਵਾ ਨੇ ਅੱਜ ਲਗਾਤਾਰ ਦੂਜੇ ਦਿਨ ਪਿੰਡ ਖੇੜੀ ਜੱਟਾਂ, ਜਿਓਲੀ, ਜੰਡਲੀ ਤੇ ਜੜੌਤ ਵਿਖੇ ਪਹੁੰਚ ਕੇ ਲਗਾਤਾਰ ਪਈ ਬਰਸਾਤ ਕਾਰਨ ਨੁਕਸਾਨੇ ਗਏ ਘਰਾਂ ਦੇ ਪਰਿਵਾਰਾ ਨਾਲ ਜਾ ਕੇ ਮੁਲਾਕਾਤ ਕੀਤੀ ਤੇ ਹਾਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਡੇਰਾਬੱਸੀ ਤੋਂ ਨਰੇਸ਼ ਉਪਨੇਜਾ, ਲਾਲੜੂ ਸਰਕਲ ਦੀ ਟੀਮ, ਪਿੰਡਾਂ ਦੇ ਪੰਚ-ਸਰਪੰਚ ਮੌਜੂਦ ਸਨ। ਇਸ ਤੋਂ ਬਾਅਦ ਸਾਰੇ ਪਿੰਡਾਂ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਹਤ ਸਮੱਗਰੀ ਦੀਆਂ ਰਾਸ਼ਨ ਕਿੱਟਾ ਵੰਡੀਆਂ।
ਵਿਧਾਇਕ ਵੱਲੋਂ ਨੌਜਵਾਨਾਂ ਦੀ ਸੇਵਾ ਦੀ ਸ਼ਲਾਘਾ
ਨੂਰਪੁਰ ਬੇਦੀ (ਬਲਵਿੰਦਰ ਰੈਤ): ਵਿਧਾਇਕ ਦਿਨੇਸ਼ ਚੱਢਾ ਨੇ ਹਲਕਾ ਰੂਪਨਗਰ ਦੇ ਸਮੁੱਚੇ ਨੌਜਵਾਨਾਂ ਅਤੇ ਯੂਥ ਕਲੱਬਾਂ ਵੱਲੋਂ ਹੜ੍ਹ ਦੀਆਂ ਮੁਸ਼ਕਲ ਘੜੀਆਂ ਵਿੱਚ ਕੀਤੀ ਗਈ ਸੇਵਾ ਇੱਕ ਮਿਸਾਲ ਬਣ ਕੇ ਉਭਰੀ ਹੈ। ਹੜ੍ਹਾਂ ਕਾਰਨ ਜਿੱਥੇ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਨੂੰ ਵੱਡੇ ਪੱਧਰ ’ਤੇ ਆਰਥਿਕ, ਸਮਾਜਿਕ ਅਤੇ ਮਾਨਸਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉੱਥੇ ਇਲਾਕੇ ਦੇ ਨੌਜਵਾਨਾਂ ਨੇ ਹਰ ਪੱਖੋਂ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਹੜ੍ਹ ਪੀੜਤਾਂ ਲਈ ਨਾ ਸਿਰਫ਼ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ, ਸਗੋਂ ਦਰਿਆਵਾਂ ਦੇ ਪਾਣੀਆਂ ਦੇ ਰੁਖ਼ ਮੋੜ ਕੇ, ਮਿੱਟੀ ਦੀਆਂ ਬੋਰੀਆਂ ਭਰ ਕੇ ਨਹਿਰਾਂ ਦੇ ਪਾੜ ਭਰਨ ਵਰਗੇ ਬੇਮਿਸਾਲ ਕੰਮ ਵੀ ਕੀਤੇ ਹਨ।
ਹੜ੍ਹ ਪੀੜਤਾਂ ਨੂੰ ਫੌਰੀ ਮੁਆਵਜ਼ਾ ਦੇਵੇ ਪੰਜਾਬ ਤੇ ਕੇਂਦਰ ਸਰਕਾਰ: ਸੀਪੀਆਈ
ਡੇਰਾਬੱਸੀ (ਅਤਰ ਸਿੰਘ): ਸੀਪੀਆਈ ਦੀ ਮੀਟਿੰਗ ਕਾਮਰੇਡ ਰਤਨ ਸਿੰਘ ਮਾਰਕਸਵਾਦੀ ਚੇਤਨਾ ਕੇਂਦਰ ਵਿੱਚ ਕਾਮਰੇਡ ਅਵਤਾਰ ਸਿੰਘ ਦਫ਼ਤਰ ਕਾਮਰੇਡ ਕਰਮਚੰਦ ਘੋਲੂਮਾਜਰਾ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਕੇਂਦਰੀ ਕਮੇਟੀ ਮੈਂਬਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਸੀਪੀਆਈ (ਐਮ) ਦੇ ਸੂਬਾ ਆਗੂ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ ਅਤੇ ਜ਼ਿਲ੍ਹਾ ਮੁਹਾਲੀ ਸਕੱਤਰ ਕਾਮਰੇਡ ਚੰਦਰਪਾਲ ਅੱਤਰੀ ਸਮੇਤ ਕਈ ਆਗੂ ਮੌਜੂਦ ਸਨ। ਸੀਪੀਆਈ ਆਗੂਆਂ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਤੋਂ ਹੜ੍ਹ ਪੀੜਤਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਦੀ ਕੇਵਲ ਫਸਲ ਹੀ ਨਹੀਂ ਸਗੋਂ ਘਰ-ਬਾਰ ਵੀ ਉੱਜੜ ਗਏ ਹਨ। ਪਸ਼ੂਆਂ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਹਰੇਕ ਕਿਸਾਨ ਨੂੰ ਪ੍ਰਤੀ ਏਕੜ 75 ਹਜ਼ਾਰ ਰੁਪਏ, ਜਾਨਵਰਾਂ ਦੇ ਨੁਕਸਾਨ ਲਈ ਇੱਕ ਲੱਖ ਰੁਪਏ ਅਤੇ ਘਰਾਂ ਦੇ ਨੁਕਸਾਨ ਲਈ ਦੋ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।
ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ 31.20 ਲੱਖ ਦਾ ਯੋਗਦਾਨ
ਕੁਰਾਲੀ (ਮਿਹਰ ਸਿੰਘ): ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਝਲ ਰਹੇ ਪੀੜਤ ਪਰਿਵਾਰਾਂ ਨਾਲ ਖੜਨ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਯਤਨ ਸ਼ੁਰੂ ਕੀਤੇ ਹਨ। ਇਸ ਸਬੰਧੀ ਯੂਨੀਅਨ ਨੇ 31.20 ਲੱਖ ਰੁਪਏ ਦੀ ਰਾਸ਼ੀ ਪੀੜਤ ਪਰਿਵਾਰਾਂ ਲਈ ਇਕੱਤਰ ਕੀਤੀ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ, ਵਿੱਤ ਸਕੱਤਰ ਪ੍ਰਿੰਸੀਪਲ ਅਮਨਦੀਪ ਸ਼ਰਮਾ ਅਤੇ ਪ੍ਰੈਸ ਸਕੱਤਰ ਕਰਨੈਲ ਸਿੰਘ ਫਿਲੌਰ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਪੰਜਾਬ ਵਿੱਚ ਜ਼ਿਲ੍ਹਾ ਕਮੇਟੀਆਂ ਬਣਾ ਕੇ ਹੜ੍ਹ ਪੀੜਤਾਂ ਦੀ ਮਦਦ ਲਈ 31.20 ਲੱਖ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਸ਼ੀ ਇਕੱਤਰ ਕਰਨ ਦੀ ਮੁਹਿੰਮ ਹਾਲੇ ਵੀ ਜਾਰੀ ਹੈ ਅਤੇ ਹੋਰ ਰਾਸ਼ੀ ਜਲਦੀ ਹੀ ਇਸ ਸੇਵਾ ਵਿੱਚ ਲਗਾਉਣ ਲਈ ਆ ਜਾਵੇਗੀ। ਸੁਖਵਿੰਦਰ ਸਿੰਘ ਚਾਹਲ ਨੇ ਸਮੂਹ ਅਧਿਆਪਕ ਵਰਗ ਨੂੰ ਇਸ ਮੁਹਿੰਮ ਵਿੱਚ ਵਧ ਚੜ੍ਹ ਕੇ ਹਿੱਸਾ ਪਾਉਣ ਦੀ ਅਪੀਲ ਕੀਤੀ ਹੈ।
ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਨਜ਼ਰਅੰਦਾਜ਼ ਕਰਨਾ ਮੰਦਭਾਗਾ: ਟਿਵਾਣਾ
ਫਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਬੁਲਾਰੇ, ਸਿਆਸੀ ਅਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਬਿਆਨ ਵਿਚ ਕਿਹਾ ਕਿ ਜਦੋਂ ਵੀ ਕਿਸੇ ਸੂਬੇ ਜਾਂ ਵਿਦੇਸ਼ਾਂ ਵਿਚ ਕਿਸੇ ਤਰ੍ਹਾਂ ਦੀ ਕੁਦਰਤੀ ਆਫ਼ਤ, ਕਸਟ, ਬਿਮਾਰੀ, ਹੜ੍ਹ, ਤੂਫਾਨ ਆਉਦੇ ਹਨ ਤਾਂ ਪੰਜਾਬੀ ਅਤੇ ਸਿੱਖ ਕੌਮ ਸਰਬੱਤ ਦੇ ਭਲੇ ਦੀ ਸੋਚ ਤਹਿਤ ਹਰ ਤਰ੍ਹਾਂ ਦੀ ਮਦਦ ਕਰਦੀ ਹੈ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਕੇਂਦਰ ਵੱਲੋਂ ਪੰਜਾਬ ਹੜ੍ਹਾਂ ਪ੍ਰਤੀ ਚੁੱਪ ਧਾਰੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫ਼ਗਾਨਿਸਤਾਨ ਦੇ ਪੀੜਤਾਂ ਪ੍ਰਤੀ ਤਾਂ ਦੁੱਖ ਜ਼ਾਹਿਰ ਕੀਤਾ, ਪਰ ਪੰਜਾਬ ਲਈ ਇੱਕ ਸ਼ਬਦ ਵੀ ਨਹੀਂ ਬੋਲਿਆ।