ਭਾਰਤੀ ਹਾਕੀ ਦੇ 100 ਸਾਲ ਪੂਰੇ ਹੋਣ ਮੌਕੇ ਹਾਕੀ ਚੰਡੀਗੜ੍ਹ ਨੇ ਯੂ ਟੀ ਚੰਡੀਗੜ੍ਹ ਖੇਡ ਵਿਭਾਗ ਦੇ ਸਹਿਯੋਗ ਨਾਲ ਇੱਥੇ ਸੈਕਟਰ-42 ਦੇ ਹਾਕੀ ਸਟੇਡੀਅਮ ਵਿੱਚ ਸ਼ਤਾਬਦੀ ਵਰ੍ਹਾ ਮਨਾਇਆ। ਇਸ ਇਤਿਹਾਸਿਕ ਮੌਕੇ ਪੰਜਾਬ ਦੇ ਰਾਜਪਾਲ ਤੇ ਯੂ ਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਯੂ ਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਐੱਚ ਰਾਜੇਸ਼ ਪ੍ਰਸਾਦ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪਤਵੰਤਿਆਂ ਦਾ ਸਵਾਗਤ ਕਰਦਿਆਂ ਹਾਕੀ ਚੰਡੀਗੜ੍ਹ ਦੇ ਪ੍ਰਧਾਨ ਕਰਨ ਗਿਲਹੋਤਰਾ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਚੰਡੀਗੜ੍ਹ ਇਸ ਇਤਿਹਾਸਿਕ ਜਸ਼ਨ ਦੀ ਮੇਜ਼ਬਾਨੀ ਨੌਜਵਾਨ ਪੀੜ੍ਹੀ ਨੂੰ ਭਾਰਤੀ ਹਾਕੀ ਦੀ ਸੁਨਹਿਰੀ ਵਿਰਾਸਤ ਨਾਲ ਜੋੜਨ ਦੇ ਉਦੇਸ਼ ਨਾਲ ਕਰ ਰਿਹਾ ਹੈ। ਇਸ ਮੌਕੇ ਪ੍ਰਸ਼ਾਸਕ ਨੇ ਨਵੀਂ ਐਲਾਨੀ ਚੰਡੀਗੜ੍ਹ ਹਾਕੀ ਲੀਗ ਦਾ ਲੋਗੋ ਲਾਂਚ ਕੀਤਾ, ਜੋ ਹਰ ਸਾਲ 35 ਲੱਖ ਦੀ ਪੁਰਸਕਾਰ ਰਾਸ਼ੀ ਨਾਲ ਕਰਵਾਈ ਜਾਵੇਗੀ। ਉਨ੍ਹਾਂ ਹਾਜ਼ਰੀਨਾਂ ਨੂੰ ‘ਨਸ਼ਾ ਮੁਕਤ ਭਾਰਤ’ ਦਾ ਹਲਫ਼ ਦਿਵਾਇਆ।
ਪ੍ਰਸ਼ਾਸਕ ਨੇ ਮੁੱਖ ਸਕੱਤਰ, ਯੂ ਟੀ ਚੰਡੀਗੜ੍ਹ ਦੇ ਨਾਲ ਚੰਡੀਗੜ੍ਹ ਦੇ ਉਨ੍ਹਾਂ ਖਿਡਾਰੀਆਂ ਅਤੇ ਕੋਚਾਂ ਦਾ ਸਨਮਾਨ ਕੀਤਾ ਜਿਨ੍ਹਾਂ ਨੇ ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਹਾਕੀ ਟੂਰਨਾਮੈਂਟਾਂ ਵਿੱਚ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਵਿੱਚ ਉੱਘੇ ਓਲੰਪੀਅਨ ਦੀਪਕ ਠਾਕੁਰ, ਰਾਜਪਾਲ ਸਿੰਘ, ਬਲਜੀਤ ਸਿੰਘ ਅਤੇ ਗੁਰਜੰਟ ਸਿੰਘ ਦੇ ਨਾਲ-ਨਾਲ ਭਾਰਤੀ ਟੀਮ ਦੇ ਮੌਜੂਦਾ ਖਿਡਾਰੀ ਸੰਜੈ, ਮਨਿੰਦਰ ਸਿੰਘ ਅਤੇ ਵਿਕਰਮਜੀਤ ਸਿੰਘ ਵੀ ਸ਼ਾਮਲ ਸਨ। ਭਾਰਤੀ ਜੂਨੀਅਰ ਟੀਮ ਦੇ ਕਪਤਾਨ ਰੋਹਿਤ ਦੇ ਪਰਿਵਾਰਕ ਮੈਂਬਰ ਵੀ ਸਮਾਰੋਹ ਵਿੱਚ ਸ਼ਾਮਲ ਹੋਏ।
ਇਸ ਸ੍ਰੀ ਕਟਾਰੀਆ ਨੇ ਕਿਹਾ ਕਿ ਚੰਡੀਗੜ੍ਹ ਨੇ ਭਾਰਤੀ ਹਾਕੀ ਨੂੰ ਕਈ ਓਲੰਪੀਅਨ ਦਿੱਤੇ ਹਨ, ਜਿਨ੍ਹਾਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਸ਼ਹਿਰ ਦੀ ਪ੍ਰਤਿਭਾ, ਸਮਰਪਣ ਅਤੇ ਖੇਡ ਭਾਵਨਾ ਸੱਚਮੁੱਚ ਪ੍ਰੇਰਨਾਦਾਇਕ ਹੈ। ਉਨ੍ਹਾਂ ਕਿਹਾ, ‘‘ਮੈਨੂੰ ਵਿਸ਼ਵਾਸ ਹੈ ਕਿ ਚੰਡੀਗੜ੍ਹ ਆਉਣ ਵਾਲੇ ਸਾਲਾਂ ਵਿੱਚ ਭਾਰਤੀ ਹਾਕੀ ਦੀ ਪ੍ਰਗਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਰਹੇਗਾ।’’ ਇਸ ਪ੍ਰੋਗਰਾਮ ਵਿੱਚ ਪ੍ਰੇਰਨਾ ਪੁਰੀ ਸਿੱਖਿਆ ਸਕੱਤਰ, ਸੌਰਭ ਕੁਮਾਰ ਅਰੋੜਾ ਡਾਇਰੈਕਟਰ ਸਪੋਰਟਸ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

