‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ’ਤੇ ਸਮਾਗਮ
ਨੌਜਵਾਨਾਂ ਵਿੱਚ ਦੇਸ਼ ਪ੍ਰਤੀ ਜਜ਼ਬੇ ਨੂੰ ਜ਼ਾਹਿਰ ਕਰਦਾ ਹੈ ਗੀਤ: ਕਟਾਰੀਆ
ਚੰਡੀਗੜ੍ਹ ਪ੍ਰਸ਼ਾਸਨ ਦੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਕੌਮੀ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ’ਤੇ ਸੈਕਟਰ-38 ਸਥਿਤ ਰਾਣੀ ਲਕਸ਼ਮੀ ਬਾਈ ਮਹਿਲਾ ਭਵਨ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਯੂ ਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦਾ ਸਿੱਧਾ ਪ੍ਰਸਾਰਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਜੀ ਐੱਮ ਐੱਸ ਐੱਸ ਐੱਸ -16 ਦੇ ਵਿਦਿਆਰਥੀਆਂ ਵੱਲੋਂ ਵੰਦੇ ਮਾਤਰਮ ਦੀ ਪੇਸ਼ਕਾਰੀ ਨਾਲ ਕੀਤੀ ਗਈ। ਇਸ ਮਗਰੋਂ ਸ਼ਹਿਰ ਦੇ ਸਕੂਲੀ ਵਿਦਿਆਰਥੀਆਂ ਨੇ ਭਾਰਤ ਦੇ ਸੰਘਰਸ਼ ਤੋਂ ਪ੍ਰਗਤੀ ਤੱਕ ਦੇ ਸਫ਼ਰ ਨੂੰ ਦਰਸਾਉਂਦੇ ਨਾਚ, ਨਾਟਕ ਅਤੇ ਮਾਈਮ ਐਕਟ ਸਮੇਤ ਜੀਵੰਤ ਸੱਭਿਆਚਾਰਕ ਪ੍ਰਦਰਸ਼ਨ ਪ੍ਰਸਤੁਤ ਕੀਤੇ।
ਯੂਟੀ ਪ੍ਰਸ਼ਾਸਕ ਸ੍ਰੀ ਕਟਾਰੀਆ ਨੇ ਕਿਹਾ ਕਿ ‘ਵੰਦੇ ਮਾਤਰਮ’ ਸਿਰਫ਼ ਗੀਤ ਨਹੀਂ, ਬਲਕਿ ਭਾਰਤ ਦੀ ਆਤਮਾ ਅਤੇ ਸੁਰ ਹੈ, ਜਿਸ ਨੂੰ ਬੰਕਿਮ ਚੰਦਰ ਚੈਟਰਜੀ ਨੇ ਲਿਖਿਆ ਹੈ। ਇਹ ਗੀਤ ਬ੍ਰਿਟਿਸ਼ ਕਾਲ ਵਿੱਚ ਲਿਖਿਆ ਗਿਆ ਅਤੇ ਇਸ ਵਿੱਚ ਰਾਸ਼ਟਰ ਨੂੰ ਇੱਕ ਪਵਿੱਤਰ ਮਾਤਾ ਵਜੋਂ ਅਤੇ ਨਾਗਰਿਕਾਂ ਨੂੰ ਉਸ ਦੇ ਸਮਰਪਿਤ ਬੱਚਿਆਂ ਵਜੋਂ ਦਰਸਾਇਆ ਗਿਆ ਹੈ। ਉਨ੍ਹਾਂ ਨੇ ਮਾਨਗੜ੍ਹ ਧਾਮ ਅਤੇ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦਾ ਹਵਾਲਾ ਦਿੰਦਿਆਂ ਸ਼ਹੀਦ ਊਧਮ ਸਿੰਘ ਜਿਹੇ ਸੂਰਵੀਰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਗੀਤ ਧਰਮ, ਖੇਤਰ ਅਤੇ ਭਾਸ਼ਾ ਤੋਂ ਉੱਪਰ ਉੱਠ ਕੇ ਪੂਰੇ ਭਾਰਤ ਨੂੰ ਦੇਸ਼ਭਗਤੀ ਅਤੇ ਰਾਸ਼ਟਰਭਾਵਨਾ ਦੇ ਸੂਤਰ ਵਿੱਚ ਜੋੜਦਾ ਹੈ। ਉਨ੍ਹਾਂ ਕਿਹਾ ਕਿ ਇਹ ਗੀਤ ਨੌਜਵਾਨਾਂ ਵਿੱਚ ਦੇਸ਼ ਪ੍ਰਤੀ ਪ੍ਰੇਮ ਤੇ ਜਜ਼ਬੇ ਨੂੰ ਜੱਗ ਜ਼ਾਹਿਰ ਕਰਦਾ ਹੈ। ਉਨ੍ਹਾਂ ਨਾਗਰਿਕਾਂ ਨੂੰ ਸੱਦਾ ਦਿੱਤਾ ਕਿ ਉਹ ‘ਵੰਦੇ ਮਾਤਰਮ’ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ 2047 ਤੱਕ ਇੱਕ ਆਤਮਨਿਰਭਰ, ਮਜ਼ਬੂਤ ਅਤੇ ਵਿਕਸਿਤ ਭਾਰਤ ਦੀ ਉਸਾਰੀ ਦਾ ਸੰਕਲਪ ਲੈਣ।
ਇਸ ਮੌਕੇ ਚੰਡੀਗੜ੍ਹ ਤੋਂ ਇਲਾਵਾ ਛੱਤੀਸਗੜ੍ਹ, ਝਾਰਖੰਡ ਅਤੇ ਉੜੀਸਾ ਤੋਂ ਆਏ 200 ਦੇ ਕਰੀਬ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਇਹ ਨੌਜਵਾਨ 17ਵੇਂ ਟਰਾਈਬਲ ਯੂਥ ਐਕਸਚੇਂਜ ਪ੍ਰੋਗਰਾਮ ਤਹਿਤ ਚੰਡੀਗੜ੍ਹ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਦੀ ਭਾਗੀਦਾਰੀ ਨੇ ਪ੍ਰੋਗਰਾਮ ਵਿੱਚ ਏਕਤਾ ਅਤੇ ਸੱਭਿਆਚਾਰਕ ਵੰਨ-ਸੁਵੰਨਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਸਮਾਗਮ ਵਿੱਚ ਮੇਅਰ ਹਰਪ੍ਰੀਤ ਕੌਰ ਬਬਲਾ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਮੁੱਖ ਸਕੱਤਰ ਐੱਚ ਰਾਜੇਸ਼ ਪ੍ਰਸਾਦ, ਡੀ ਜੀ ਪੀ ਚੰਡੀਗੜ੍ਹ ਡਾ. ਸਾਗਰ ਪ੍ਰੀਤ ਹੁੱਡਾ, ਸਕੱਤਰ ਪ੍ਰਾਹੁਣਚਾਰੀ ਵਿਭਾਗ ਸਵਪਨਿਲ ਐੱਮ ਨਾਇਕ, ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਤੇ ਚੰਡੀਗੜ੍ਹ ਦੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।

