ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜੁਲਾਈ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਇਸ ਸਾਲ ਮਈ ਦੇ ਨਤੀਜਿਆਂ ਤੋਂ ਬਾਅਦ ਸਪਲੀਮੈਂਟਰੀ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਸਪਲੀਮੈਂਟਰੀ ਪ੍ਰੈਕਟੀਕਲ ਪ੍ਰੀਖਿਆਵਾਂ 10 ਤੋਂ 15 ਜੁਲਾਈ ਤੱਕ ਹੋਣਗੀਆਂ। ਦਸਵੀਂ ਜਮਾਤ ਦੀਆਂ ਥਿਊਰੀ ਪ੍ਰੀਖਿਆਵਾਂ 15 ਤੋਂ 22 ਜੁਲਾਈ ਤੱਕ ਹੋਣਗੀਆਂ ਜਦੋਂ ਕਿ 12ਵੀਂ ਜਮਾਤ ਦੀਆਂ ਥਿਊਰੀ ਪ੍ਰੀਖਿਆਵਾਂ ਸਿਰਫ਼ 15 ਜੁਲਾਈ ਨੂੰ ਹੀ ਹੋਣਗੀਆਂ। ਜੇਕਰ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸਿਰਫ਼ ਪ੍ਰੈਕਟੀਕਲ ਵਿੱਚ ਫੇਲ੍ਹ ਹੋਇਆ ਹੈ ਤਾਂ ਉਹ ਸਿਰਫ਼ ਪ੍ਰੈਕਟੀਕਲ ਪ੍ਰੀਖਿਆ ਹੀ ਦੇ ਸਕਦਾ ਹੈ। ਉਸ ਦੇ ਪੁਰਾਣੇ ਥਿਊਰੀ ਦੇ ਅੰਕ ਗਿਣੇ ਜਾਣਗੇ ਪਰ ਜੇਕਰ ਕੋਈ ਵਿਦਿਆਰਥੀ ਥਿਊਰੀ ਅਤੇ ਪ੍ਰੈਕਟੀਕਲ ਦੋਵਾਂ ਵਿੱਚ ਫੇਲ੍ਹ ਹੋਇਆ ਹੈ, ਤਾਂ ਉਹ ਦੋਵੇਂ ਪ੍ਰੀਖਿਆਵਾਂ ਦੇ ਸਕਦਾ ਹੈ। ਨਿਯਮਤ ਵਿਦਿਆਰਥੀ ਆਪਣੇ ਸਕੂਲਾਂ ਵਿੱਚ ਪ੍ਰੈਕਟੀਕਲ ਪ੍ਰੀਖਿਆ ਦੇਣਗੇ। ਪ੍ਰਾਈਵੇਟ ਵਿਦਿਆਰਥੀ ਉਨ੍ਹਾਂ ਕੇਂਦਰਾਂ ਵਿੱਚ ਪ੍ਰੈਕਟੀਕਲ ਦੇਣਗੇ ਜਿੱਥੇ ਉਨ੍ਹਾਂ ਦੀਆਂ ਪਹਿਲਾਂ ਪ੍ਰੀਖਿਆਵਾਂ ਹੋਈਆਂ ਹੋਣਗੀਆਂ। ਜ਼ਿਕਰਯੋਗ ਹੈ ਕਿ ਸਪਲੀਮੈਂਟਰੀ ਪ੍ਰੀਖਿਆਵਾਂ ਉਨ੍ਹਾਂ ਵਿਦਿਆਰਥੀਆਂ ਲਈ ਕਰਵਾਈਆਂ ਜਾਂਦੀਆਂ ਹਨ ਜਿਨ੍ਹਾਂ ਨੇ ਨਿਯਮਤ ਬੋਰਡ ਪ੍ਰੀਖਿਆਵਾਂ ਵਿੱਚ ਇੱਕ ਜਾਂ ਵੱਧ ਵਿਸ਼ੇ ਪਾਸ ਨਹੀਂ ਕੀਤੇ ਹਨ।
ਇਹ ਪ੍ਰੀਖਿਆਵਾਂ ਬੋਰਡ ਪ੍ਰੀਖਿਆਵਾਂ ਪਾਸ ਕਰਨ ਦਾ ਦੂਜਾ ਮੌਕਾ ਪ੍ਰਦਾਨ ਕਰਦੀਆਂ ਹਨ। ਇਸ ਤੋਂ ਇਲਾਵਾ ਅੰਕ ਸੁਧਾਰਨ ਲਈ ਵੀ ਇਹ ਪ੍ਰੀਖਿਆਵਾਂ ਕਰਵਾਈਆਂ ਜਾਂਦੀਆਂ ਹਨ।