ਸੀਬੀਐੱਸਈ ਨਤੀਜਾ: 10ਵੀਂ ਤੇ 12ਵੀਂ ਜਮਾਤ ’ਚ ਲੜਕੀਆਂ ਨੇ ਬਾਜ਼ੀ ਮਾਰੀ
ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 13 ਮਈ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਅੱਜ ਦਸਵੀਂ ਤੇ ਬਾਰ੍ਹਵੀਂ ਜਮਾਤਾਂ ਦੇ ਨਤੀਜੇ ਐਲਾਨੇ ਗਏ। ਇਹ ਦੂਜੀ ਵਾਰ ਹੈ ਕਿ ਸੀਬੀਐੱਸਈ ਵੱਲੋਂ ਬੋਰਡ ਜਮਾਤਾਂ ਦੇ ਇਕੱਠੇ ਨਤੀਜੇ ਐਲਾਨੇ ਗਏ। ਦਸਵੀਂ ਜਮਾਤ ਵਿੱਚ ਚੰਡੀਗੜ੍ਹ ਖੇਤਰ ਦੀ ਪਾਸ ਪ੍ਰਤੀਸ਼ਤਤਾ 93.71 ਫ਼ੀਸਦੀ ਤੇ ਪੰਚਕੂਲਾ ਦੀ 92.77 ਫ਼ੀਸਦੀ ਰਹੀ ਜਦੋਂਕਿ ਬਾਰ੍ਹਵੀਂ ਜਮਾਤ ਵਿੱਚ ਚੰਡੀਗੜ੍ਹ ਖੇਤਰ ਦੀ ਪਾਸ ਪ੍ਰਤੀਸ਼ਤਤਾ 91.61 ਤੇ ਪੰਚਕੂਲਾ ਦੀ 91.17 ਫ਼ੀਸਦੀ ਰਹੀ। ਇਨ੍ਹਾਂ ਨਤੀਜਿਆਂ ਵਿਚ ਟਰਾਈਸਿਟੀ ਵਿੱਚ ਲੜਕੀਆਂ ਨੇ ਬਾਜ਼ੀ ਮਾਰ ਲਈ ਹੈ। ਬਾਰ੍ਹਵੀਂ ਦੀਆਂ ਚਾਰ ਸਟਰੀਮਾਂ ਵਿੱਚੋਂ ਤਿੰਨ ’ਤੇ ਲੜਕੀਆਂ ਨੇ ਟੌਪ ਕੀਤਾ ਹੈ ਜਦੋਂਕਿ ਦਸਵੀਂ ਜਮਾਤ ਵਿਚ ਲਗਪਗ ਸਾਰੇ ਮੋਹਰੀ ਸਥਾਨ ਲੜਕੀਆਂ ਨੇ ਹਾਸਲ ਕੀਤੇ ਹਨ। ਕਾਮਰਸ ਵਿੱਚ ਕੇਬੀ ਡੀਏਵੀ ਸਕੂਲ ਸੈਕਟਰ-7 ਦੀ ਸ਼੍ਰੇਆ ਗਰਗ ਨੇ 99.4 ਫ਼ੀਸਦੀ ਅੰਕ ਹਾਸਲ ਕਰ ਕੇ ਟਰਾਈਸਿਟੀ ਵਿੱਚ ਟੌਪ ਕੀਤਾ। ਮੈਡੀਕਲ ਵਿੱਚ ਵੀ ਸ੍ਰੀ ਗੁਰੂ ਹਰਕ੍ਰਿਸ਼ਨ ਮਾਡਲ ਸਕੂਲ ਦੇ ਆਰਵ ਗੋਇਲ ਨੇ 99 ਫ਼ੀਸਦੀ ਅੰਕ ਹਾਸਲ ਕਰ ਕੇ ਟੌਪ ਕੀਤਾ। ਨਾਨ-ਮੈਡੀਕਲ ਵਿਚ ਭਵਨ ਵਿਦਿਆਲਿਆ ਪੰਚਕੂਲਾ ਦੀ ਅਕਸ਼ਿਤਾ ਨੇ 99.2 ਫੀਸਦੀ ਅੰਕ ਹਾਸਲ ਕਰ ਕੇ ਮੋਹਰੀ ਸਥਾਨ ਹਾਸਲ ਕੀਤਾ ਜਦਕਿ ਆਰਟਸ ਵਿੱਚ ਸੇਂਟ ਜੋਸਫ ਸੀਨੀਅਰ ਸੈਕੰਡਰੀ ਸਕੂਲ ਸੈਕਟਰ-44 ਦੀ ਚਾਰਮੀ ਨੇ 98.8 ਫੀਸਦੀ ਅੰਕ ਹਾਸਲ ਕਰ ਕੇ ਟਰਾਈਸਿਟੀ ਵਿਚ ਪਹਿਲਾ ਸਥਾਨ ਹਾਸਲ ਕੀਤਾ।
ਦੂਜੇ ਪਾਸੇ ਦਸਵੀਂ ਜਮਾਤ ਵਿਚ ਭਵਨ ਵਿਦਿਆਲਿਆ ਪੰਚਕੂਲਾ ਦੀ ਸ਼੍ਰਿਸ਼ਟੀ ਦੇ 100 ਫ਼ੀਸਦੀ ਅੰਕ ਆਏ ਹਨ ਤੇ ਉਸ ਨੇ ਟਰਾਈਸਿਟੀ ਵਿੱਚੋਂ ਟੌਪ ਕੀਤਾ ਹੈ। ਇਸ ਤੋਂ ਇਲਾਵਾ ਡੀਪੀਐੱਸ ਸਕੂਲ ਸੈਕਟਰ 40 ਦੀ ਅਮੀਸ਼ਾ ਪ੍ਰਕਾਸ਼ ਤੇ ਹੰਸਰਾਜ ਸਕੂਲ ਪੰਚਕੂਲਾ ਦੇ ਯਸ਼ੱਸਵੀ ਦੇ 99.8 ਫ਼ੀਸਦੀ ਅੰਕ ਆਏ ਹਨ ਤੇ ਉਨ੍ਹਾਂ ਨੇ ਸਾਂਝਾ ਦੋਇਮ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਸੇਂਟ ਜੋਸਫ ਸਕੂਲ ਸੈਕਟਰ 44 ਤੇ ਸ਼ੈਮਰੌਕ ਸਕੂਲ ਮੁਹਾਲੀ ਦੀ ਹਰਸ਼ਵੀਰ ਦੇ ਸਾਂਝੇ 99.6 ਫ਼ੀਸਦੀ ਅੰਕ ਆਏ ਹਨ ਤੇ ਉਨ੍ਹਾਂ ਨੇ ਸਾਂਝਾ ਤੀਜਾ ਸਥਾਨ ਹਾਸਲ ਕੀਤਾ ਹੈ।
ਇਸੇ ਤਰ੍ਹਾਂ ਸੇਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-26 ਦੀ ਦਸਵੀਂ ਜਮਾਤ ਦੀ ਵਿਦਿਆਰਥਣ ਅਰਸ਼ੀਆ ਸ਼ਰਮਾ ਨੇ 95.2 ਫ਼ੀਸਦੀ ਅੰਕ ਲਏ ਹਨ। ਇਸੇ ਦੌਰਾਨ ਸੇਂਟ ਐਨੀਜ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 32 ਦੇ ਅੰਸ਼ੁਲ ਭਾਰਦਵਾਜ ਨੇ 10ਵੀਂ ਵਿੱਚੋਂ 94 ਫ਼ੀਸਦੀ ਨੰਬਰ ਹਾਸਲ ਕੀਤੇ ਹਨ।
ਬਾਰ੍ਹਵੀਂ ਦੇ ਨਤੀਜਿਆਂ ’ਚ ਸਥਾਨਕ ਗੁਰੂ ਨਾਨਕ ਪਬਲਿਕ ਸਕੂਲ, ਸੈਕਟਰ-36 ਦੀ ਪ੍ਰਿੰਯਾਂਸ਼ੀ ਨੇ ਕਾਮਰਸ ਵਿੱਚੋਂ 92.8 ਫ਼ੀਸਦੀ ਅੰਕ ਲਏ ਹਨ। ਇਸੇ ਤਰ੍ਹਾਂ ਪੰਚਕੂਲਾ ਦੇ ਸੇਂਟ ਸੋਲਜ਼ਰ’ਜ਼ ਡਿਵਾਈਨ ਪਬਲਿਕ ਸਕੂਲ ਦੇ ਤਨਿਸ਼ਕ ਪ੍ਰਜਾਪਤੀ ਨੇ ਹਿਊਮੈਨਟੀਜ਼ ਗਰੁੱਪ ਵਿੱਚੋਂ 92.8 ਫ਼ੀਸਦੀ ਅੰਕ ਹਾਸਲ ਕੀਤੇ ਹਨ।
ਭਾਰਤ ਸਕੂਲ ਦੇ ਬੱਚਿਆਂ ਨੇ ਮੱਲਾਂ ਮਾਰੀਆਂ
ਪੰਚਕੂਲਾ (ਪੀਪੀ ਵਰਮਾ): ਭਾਰਤ ਸਕੂਲ ਨੇ ਸੀਬੀਐੱਸਈ ਬੋਰਡ ਦਸਵੀਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਡਾਇਰੈਟਰ-ਕਮ-ਪ੍ਰਿੰਸੀਪਲ ਗੀਤਿਕਾ ਸੇਠੀ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਸੂਰਿਆਵੀਰ ਸਿੰਘ ਨੇ 99 ਫ਼ੀਸਦੀ ਅੰਕਾਂ ਨਾਲ ਸਕੂਲ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਤੇ ਨਾਨਕੀ ਵਾਲੀਆ 96.8 ਫ਼ੀਸਦੀ ਅੰਕਾਂ ਨਾਲ ਦੂਜੇ ਸਥਾਨ ‘ਤੇ ਰਹੀ। ਹਿਰਦਿਆਂਸ਼ ਮਲਹੋਤਰਾ ਨੇ 95.2 ਫ਼ੀਸਦੀ ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਯਸ਼ਹਿਤਾ ਨੇ 94.8, ਨਵਰਾਜ ਸਿੰਘ ਨੇ 93, ਕਮਲ ਗੁਪਤਾ ਨੇ 92.6, ਸਿਆਕਸ਼ਾ-I- 91.6 ਅਤੇ ਅਹਾਨ ਜੋਸ਼ੀ ਨੇ 90.4 ਫ਼ੀਸਦੀ ਅੰਕ ਹਾਸਲ ਕੀਤੇ। ਪ੍ਰਿੰਸੀਪਲ ਗੀਤਿਕਾ ਸੇਠੀ ਨੇ ਕਿਹਾ ਸਾਨੂੰ ਆਪਣੇ ਵਿਦਿਆਰਥੀਆਂ ਅਤੇ ਅਧਿਆਪਕਾਂ ’ਤੇ ਉਨ੍ਹਾਂ ਦੇ ਅਣਥੱਕ ਸਮਰਪਣ ਅਤੇ ਸਖ਼ਤ ਮਿਹਨਤ ਲਈ ਬਹੁਤ ਮਾਣ ਹੈ।
ਬਲਾਈਂਡ ਸਕੂਲ ਦਾ ਨਤੀਜਾ ਸ਼ਾਨਦਾਰ; ਬਾਰ੍ਹਵੀਂ ’ਚ ਕਾਫੀ ਅੱਵਲ
ਇੰਸਟੀਚਿਊਟ ਫਾਰ ਦਿ ਬਲਾਈਂਡ ਸੈਕਟਰ 26 ਦਾ ਨਤੀਜਾ ਸ਼ਾਨਦਾਰ ਰਿਹਾ ਤੇ ਇਸ ਸਕੂਲ ਦੀ ਬਾਰ੍ਹਵੀਂ ਜਮਾਤ ਦੀ ਕਾਫੀ ਨੇ 95.6 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ ਵਿੱਚੋਂ ਟੌਪ ਕੀਤਾ ਹੈ ਜਦੋਂਕਿ ਸੁਮੰਤ ਪੋਦਾਰ ਨੇ 94 ਫ਼ੀਸਦੀ ਅੰਕ ਹਾਸਲ ਕਰ ਕੇ ਦੂਜਾ ਤੇ ਗੁਰਸ਼ਰਨ ਸਿੰਘ ਨੇ 93.6 ਫ਼ੀਸਦੀ ਅੰਕ ਹਾਸਲ ਕਰ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਇਸ ਸਕੂਲ ਦੇ 16 ਵਿਦਿਆਰਥੀਆਂ (13 ਲੜਕੇ ਤੇ ਤਿੰਨ ਲੜਕੀਆਂ) ਨੇ ਬਾਰ੍ਹਵੀਂ ਤੇ 13 ਵਿਦਿਆਰਥੀਆਂ (ਸੱਤ ਲੜਕੀਆਂ ਤੇ ਛੇ ਲੜਕਿਆਂ) ਨੇ ਦਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਜਿਸ ਵਿਚੋਂ ਸਾਰੇ ਵਧੀਆ ਅੰਕਾਂ ਨਾਲ ਪਾਸ ਹੋਏ ਹਨ।
ਬਰੇਨ ਟਿਊਮਰ ਦੇ ਬਾਵਜੂਦ ਸਰਕਾਰੀ ਸਕੂਲ ਦੀ ਸਨੇਹਾ ਦੇ 74.2 ਫ਼ੀਸਦੀ ਅੰਕ
ਇੱਥੋਂ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-21 ਏ ਦੀ ਸਨੇਹਾ ਨੇ ਬਿਮਾਰੀ ਨੂੰ ਹਰਾ ਕੇ ਮਾਅਰਕਾ ਮਾਰਿਆ ਹੈ। ਉਸ ਨੇ ਦਸਵੀਂ ਜਮਾਤ ਵਿੱਚ 74.2 ਫ਼ੀਸਦੀ ਅੰਕ ਹਾਸਲ ਕੀਤੇ ਹਨ ਜਦੋਂਕਿ ਉਸ ਨੂੰ ਪਿਛਲੇ ਸਾਲ ਪਤਾ ਲੱਗਿਆ ਕਿ ਉਹ ਬਰੇਨ ਟਿਊਮਰ ਤੋਂ ਪੀੜਤ ਹੈ। ਉਸ ਦੇ ਪਿਤਾ ਮਨੋਜ ਸਿੰਘ ਪ੍ਰਾਈਵੇਟ ਡਰਾਈਵਰ ਹਨ ਤੇ ਮਾਂ ਸੁਨੀਤਾ ਦੇਵੀ ਘਰੇਲੂ ਸੁਆਣੀ ਹੈ। ਉਸ ਨੂੰ ਮਈ 2024 ਵਿੱਚ ਬਰੇਨ ਟਿਊਮਰ ਦਾ ਪਤਾ ਲੱਗਿਆ।