ਸੀਬੀਆਈ ਵੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ
ਰਿਸ਼ਵਤਖੋਰੀ ਮਾਮਲੇ ਵਿੱਚ ਹੋਈ ਗ੍ਰਿਫ਼ਤਾਰੀ; ਪੰਜ ਕਰੋਡ਼ ਦੀ ਨਕਦੀ, ਡੇਢ ਕਿਲੋ ਸੋਨਾ, 22 ਮਹਿੰਗੀਆਂ ਘਡ਼ੀਆਂ ਤੇ ਹੋਰ ਸਾਮਾਨ ਬਰਾਮਦ
CBI ਨੇ ਅੱਜ ਰੋਪੜ ਰੇਂਜ ਦੇ DIG ਹਰਚਰਨ ਸਿੰਘ ਭੁੱਲਰ ਨੂੰ ਨੂੰ ਭ੍ਰਿਸ਼ਟਾਚਾਰ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ। ਭੁੱਲਰ ਨੂੰ ਉਨ੍ਹਾਂ ਦੇ ਮੁਹਾਲੀ ਸਥਿਤ ਦਫ਼ਤਰ ’ਚੋਂ ਗ੍ਰਿਫ਼ਤਾਰ ਕੀਤਾ ਗਿਆ। ਸੀਬੀਆਈ ਦੀ ਟੀਮ ਨੇ ਇੱਕ ਹੋਰ ਵਿਅਕਤੀ ਨੂੰ ਵੀ ਕਾਬੂ ਕੀਤਾ ਹੈ। ਸੀਬੀਆਈ ਨੇ ਡੀਆਈਜੀ ਹਰਚਰਨ ਭੁੱਲਰ ਦੀ ਗ੍ਰਿਫ਼ਤਾਰੀ ਮਗਰੋਂ ਉਨ੍ਹਾਂ ਦੀ ਚੰਡੀਗੜ੍ਹ ਦੇ ਸੈਕਟਰ-40 ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ। ਇਸ ਦੌਰਾਨ ਪੰਜ ਕਰੋੜ ਰੁਪਏ ਨਕਦ, ਡੇਢ ਕਿਲੋ ਸੋਨਾ, 22 ਮਹਿੰਗੀਆਂ ਘੜੀਆਂ, ਮਹਿੰਗੀ ਸ਼ਰਾਬ ਦੀਆਂ 40 ਬੋਤਲਾਂ, Audi ਤੇ BMW ਸਮੇਤ ਦੋ ਲਗਜ਼ਰੀ ਵਾਹਨਾਂ ਦੀਆਂ ਚਾਬੀਆਂ ਅਤੇ ਪੰਜਾਬ ਵਿੱਚ ਕੁਝ ਜਾਇਦਾਦਾਂ ਦੇ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ। ਇਸ ਦੌਰਾਨ ਦੁਨਾਲੀ ਰਾਈਫਲ, ਪਿਸਤੌਲ, ਰਿਵਾਲਵਰ ਅਤੇ ਏਅਰਗੰਨ ਤੇ ਗੋਲੀ-ਸਿੱਕਾ ਵੀ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ ਭੁੱਲਰ ਦੇ ਕਥਿਤ ਸਹਿਯੋਗੀ ਕ੍ਰਿਸ਼ਾਨੂ ਨੂੰ 21 ਲੱਖ ਰੁਪਏ ਦੀ ਨਕਦੀ ਸਮੇਤ ਕਾਬੂ ਕੀਤਾ ਹੈ। ਸੀਬੀਆਈ ਅਧਿਕਾਰੀਆਂਨੇ ਕਿਹਾ ਕਿ ਤਲਾਸ਼ੀ ਮੁਹਿੰਮ ਤੇ ਜਾਂਚ ਜਾਰੀ ਹੈ। ਜ਼ਬਤ ਕੀਤੀ ਰਕਮ ਗਿਣਨ ਲਈ ਨਕਦੀ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਈਆਂ ਗਈਆਂ ਹਨ।
ਹਰਚਰਨ ਸਿੰਘ ਭੁੱਲਰ ਨੂੰ ਭਲਕੇ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਸੀਨੀਅਰ ਪੁਲੀਸ ਅਧਿਕਾਰੀ ਇਸ ਗ੍ਰਿਫ਼ਤਾਰੀ ਨੂੰ ਲੈ ਕੇ ਚੁੱਪ ਹਨ। ਰਿਪੋਰਟਾਂ ਅਨੁਸਾਰ, ਸੀਬੀਆਈ ਨੂੰ ਡੀਆਈਜੀ ਭੁੱਲਰ ਵਿਰੁੱਧ ਭ੍ਰਿਸ਼ਟਾਚਾਰ ਨਾਲ ਸਬੰਧਤ ਕੁਝ ਲੈਣ-ਦੇਣ ਅਤੇ ਅਹੁਦੇ ਦੀ ਦੁਰਵਰਤੋਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਇਸ ਦੇ ਆਧਾਰ 'ਤੇ ਏਜੰਸੀ ਨੇ ਜਾਂਚ ਸ਼ੁਰੂ ਕੀਤੀ ਸੀ।
ਸੂਤਰਾਂ ਨੇ ਕਿਹਾ ਕਿ ਭੁੱਲਰ ਦੇ ਦਫ਼ਤਰ, ਘਰ ਤੇ ਖੰਨਾ ਦੇ ਫਾਰਮਹਾਊਸ ਦੀ ਵੀ ਤਲਾਸ਼ੀ ਲਈ ਗਈ। ਭੁੱਲਰ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਪੰਚਕੂਲਾ ਤੇ ਫਿਰ ਵਾਪਸ ਲਿਆਂਦਾ ਗਿਆ। ਸੂਤਰਾਂ ਨੇ ਦੱਸਿਆ ਕਿ ਸੀਬੀਆਈ ਚੰਡੀਗੜ੍ਹ ਨੇ ਇਹ ਕਾਰਵਾਈ ਫਤਿਹਗੜ੍ਹ ਦੇ ਇੱਕ ਸਕ੍ਰੈਪ ਡੀਲਰ (ਕਬਾੜੀਏ) ਦੀ ਸ਼ਿਕਾਇਤ ’ਤੇ ਕੀਤੀ ਹੈ। ਸੀਬੀਆਈ ਟੀਮ ਨੇ ਇਸ ਪੂਰੀ ਕਾਰਵਾਈ ਦੌਰਾਨ ਇਹ ਯਕੀਨੀ ਬਣਾਇਆ ਕਿ ਡੈਪੂਟੇਸ਼ਨ ’ਤੇ ਆਏ ਪੰਜਾਬ ਪੁਲੀਸ ਦੇ ਕਿਸੇ ਵੀ ਕਰਮਚਾਰੀ ਨੂੰ ਛਾਪੇਮਾਰੀ ਕਰਨ ਵਾਲੀ ਟੀਮ ਦਾ ਹਿੱਸਾ ਨਾ ਬਣਾਇਆ ਜਾਵੇ।
ਸੀਬੀਆਈ ਦੀ ਟੀਮ ਨੇ ਇਹ ਕਾਰਵਾਈ ਮੰਡੀ ਗੋਬਿੰਦਗੜ੍ਹ ਦੇ ਇੱਕ ਸਕਰੈਪ ਕਾਰੋਬਾਰੀ ਆਕਾਸ਼ ਬੱਤਾ ਦੀ ਸ਼ਿਕਾਇਤ ’ਤੇ ਕੀਤੀ ਹੈ। ਉਸ ਨੇ ਸੀਬੀਆਈ ਨੂੰ 11 ਅਕਤੂਬਰ ਨੂੰ ਡੀਆਈਜੀ ਹਰਚਰਨ ਸਿੰਘ ਭੁੱਲਰ ਵਿਰੁੱਧ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਭੁੱਲਰ ਵੱਲੋਂ ਕ੍ਰਿਸ਼ਾਨੂ ਨਾਮ ਦੇ ਵਿਅਕਤੀ ਰਾਹੀਂ ਥਾਣਾ ਸਰਹਿੰਦ ਵਿੱਚ ਸਾਲ 2023 ਵਿੱਚ ਦਰਜ ਕੇਸ ਦਾ ਨਿਬੇੜਾ ਕਰਵਾਉਣ ਲਈ ‘ਸੇਵਾ ਪਾਣੀ’ ਦੇ ਨਾਮ ’ਤੇ 28 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ।
ਸੀਬੀਆਈ ਨੇ ਉਕਤ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਅੱਜ ਵਿਚੋਲੀਏ ਕ੍ਰਿਸ਼ਾਨੂ ਨੂੰ ਚੰਡੀਗੜ੍ਹ ਦੇ ਸੈਕਟਰ-21 ਵਿੱਚੋਂ ਅੱਠ ਲੱਖ ਰੁਪਏ ਲੈਂਦਿਆਂ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਸੀਬੀਆਈ ਦੀ ਟੀਮ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਉਸ ਦੇ ਮੁਹਾਲੀ ਸਥਿਤ ਦਫ਼ਤਰ ਵਿੱਚ ਜਾਂਚ ਲਈ ਬੁਲਾਇਆ ਗਿਆ ਅਤੇ ਚੰਡੀਗੜ੍ਹ ਵਿੱਚ ਲਿਆ ਕੇ ਗ੍ਰਿਫ਼ਤਾਰ ਕਰ ਲਿਆ।
ਸੀਬੀਆਈ ਦੀ ਟੀਮ ਵੱਲੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਚੰਡੀਗੜ੍ਹ ਦੇ ਸੈਕਟਰ-40 ਸਥਿਤ ਰਿਹਾਇਸ਼ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ। ਸੀਬੀਆਈ ਦੀ ਟੀਮ ਨੇ ਹਰਚਰਨ ਸਿੰਘ ਭੁੱਲਰ ਦੇ ਘਰ ਵਿੱਚੋਂ ਤਿੰਨ ਬੈੱਗ ਅਤੇ ਇੱਕ ਅਟੈਚੀ ਵਿੱਚੋਂ 5 ਕਰੋੜ ਰੁਪਏ ਦੇ ਕਰੀਬ ਨਕਦੀ ਬਰਾਮਦ ਕੀਤੀ ਗਈ। ਇਸ ਦੇ ਨਾਲ ਹੀ ਸੀਬੀਆਈ ਦੀ ਟੀਮ ਨੇ ਭੁਲੱਰ ਦੇ ਘਰ ਵਿੱਚੋਂ ਡੇਢ ਕਿਲੋ ਸੋਨਾ, 22 ਮਹਿੰਗੀਆਂ ਘੜੀਆਂ, ਮਹਿੰਗੀ ਵਿਦੇਸ਼ੀ ਸ਼ਰਾਬ ਦੀਆਂ 40 ਬੋਤਲਾਂ ਵੀ ਬਰਾਮਦ ਕੀਤੀਆਂ। ਸੀਬੀਆਈ ਵੱਲੋਂ ਹਰਚਰਨ ਭੁੱਲਰ ਦੇ ਚੰਡੀਗੜ੍ਹ ਰਿਹਾਇਸ਼ ਤੋਂ ਇਲਾਵਾ ਸਮਰਾਲਾ ਫਾਰਮ ਹਾਊਸ ’ਤੇ ਛਾਪੇ ਮਾਰੇ ਗਏ। ਇਸੇ ਦੌਰਾਨ ਸੀਬੀਆਈ ਵੱਲੋਂ ਹਰਚਰਨ ਭੁੱਲਰ ਨੂੰ ਪੰਚਕੂਲਾ ਵੀ ਲਿਜਾਇਆ ਗਿਆ ਹੈ। ਸੀਬੀਆਈ ਦੀ ਟੀਮ ਵੱਲੋਂ ਉਕਤ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
2007-ਆਈ ਪੀ ਐੱਸ ਬੈਚ ਦੇ ਅਧਿਕਾਰੀ ਹਰਚਰਨ ਸਿੰਘ ਭੁੱਲਰ ਨੇ ਪਿਛਲੇ ਸਾਲ 27 ਨਵੰਬਰ ਨੂੰ ਰੋਪੜ ਰੇਂਜ ਦੇ ਡੀਆਈਜੀ ਵਜੋਂ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਹ ਪਟਿਆਲਾ ਰੇਂਜ ਡੀਆਈਜੀ ਵਜੋਂ ਤਾਇਨਾਤ ਸਨ। ਭੁੱਲਰ ਰੋਪੜ ਰੇਂਜ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਨਸ਼ਾ ਵਿਰੋਧੀ ਮੁਹਿੰਮ ਵਿੱਚ ਸ਼ਾਮਲ ਸਨ। ਹਰਚਰਨ ਸਿੰਘ ਭੁੱਲਰ ਪੰਜਾਬ ਦੇ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ ਦੇ ਪੁੱਤਰ ਹਨ। ਉਨ੍ਹਾਂ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਵੀ ਕੀਤੀ, ਜਿਸ ਨੇ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਪੁੱਛਗਿੱਛ ਕੀਤੀ ਸੀ।