ਜਾਤੀ ਸੂਚਕ ਮਾਮਲਾ: ਪ੍ਰਿੰਸੀਪਲ ਤੇ ਅਧਿਆਪਕ ਦਾ ਤਬਾਦਲਾ
ਪ੍ਰਸ਼ਾਸਕ ਵੱਲੋਂ ਕਾਰਵਾੲੀ ਦੇ ਦਿੱਤੇ ਗਏ ਸਨ ਹੁਕਮ; ਅਧਿਆਪਕਾਂ ਨੇ ਸਿੱਖਿਆ ਸਕੱਤਰ ਨੂੰ ਕੀਤੀ ਸੀ ਸ਼ਿਕਾਇਤ; ਨੌਕਰੀ ਤੋਂ ਕਢਵਾੳੁਣ ਦੇ ਲਾਏ ਸਨ ਦੋਸ਼
ਯੂ ਟੀ ਦੇ ਸਿੱਖਿਆ ਵਿਭਾਗ ਨੇ ਦੋ ਅਧਿਆਪਕਾਂ ਦੀ ਵੀਡੀਓ ਵਾਇਰਲ ਹੋਣ ਮਗਰੋਂ ਅੱਜ ਇੱਕ ਪ੍ਰਿੰਸੀਪਲ ਤੇ ਇੱਕ ਟੀ ਜੀ ਟੀ ਅਧਿਆਪਕ ਦਾ ਤਬਾਦਲਾ ਕਰ ਦਿੱਤਾ। ਇਹ ਕਾਰਵਾਈ ਪ੍ਰਸ਼ਾਸਕ ਵਲੋਂ ਕਾਰਵਾਈ ਕਰਨ ਦੇ ਹੁਕਮ ਤੋਂ ਬਾਅਦ ਕੀਤੀ ਗਈ ਹੈ। ਯੂ ਟੀ ਦੇ ਸਿੱਖਿਆ ਸਕੱਤਰ ਪ੍ਰੇਰਨਾ ਪੁਰੀ ਨੇ ਹੁਕਮ ਜਾਰੀ ਕਰਦਿਆਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-33 ਦੀ ਪ੍ਰਿੰਸੀਪਲ ਰਾਜ ਬਾਲਾ ਮਲਿਕ ਨੂੰ ਬਦਲ ਕੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-22 ਦੇ ਹੈਲਥ ਸੈਂਟਰ ਵਿੱਚ ਇੰਚਾਰਜ ਲਾ ਦਿੱਤਾ ਹੈ ਜਦਕਿ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਚੰਡੀਗੜ੍ਹ ਦੇ ਅਡਲਟ ਐਜੂਕੇਸ਼ਨ ਵਿਚ ਤਾਇਨਾਤ ਟੀ ਜੀ ਟੀ ਰਣਬੀਰ ਕੁਮਾਰ ਨੂੰ ਐੱਸ ਸੀ ਈ ਆਰ ਟੀ ਸੈਕਟਰ-32 ਵਿੱਚ ਬਦਲ ਦਿੱਤਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇਸ ਸਬੰਧੀ ਬੀਤੇ ਦਿਨੀਂ ਪ੍ਰਸ਼ਾਸਕ ਨੇ ਮੁੜ ਮੀਟਿੰਗ ਸੱਦੀ ਸੀ ਤੇ ਸਿੱਖਿਆ ਵਿਭਾਗ ਤੋਂ ਇਸ ਸਬੰਧੀ ਕਾਰਵਾਈ ਰਿਪੋਰਟ ਮੰਗੀ ਸੀ।
ਜਾਣਕਾਰੀ ਅਨੁਸਾਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-18 ਦੀ ਪ੍ਰਿੰਸੀਪਲ ਰਾਜ ਬਾਲਾ ’ਤੇ ਸਾਲ 2023 ਵਿਚ ਅਧਿਆਪਕਾ ਮੇਧਾਵੀ ਨੇ ਦੋਸ਼ ਲਾਏ ਸਨ ਕਿ ਗਣਤੰਤਰ ਦਿਵਸ ਸਮਾਗਮ ਦੀ ਆੜ ਹੇਠ ਉਸ ਨੂੰ ਜ਼ਲੀਲ ਕੀਤਾ ਗਿਆ ਤੇ ਸਾਰੇ ਸਟਾਫ ਸਾਹਮਣੇ ਜਾਤੀ ਸੂਚਕ ਸ਼ਬਦ ਕਹੇ ਗਏ। ਦੂਜੇ ਮਾਮਲੇ ਵਿਚ ਇੱਥੋਂ ਦੇ ਸੈਕਟਰ-16 ਦੇ ਸਰਕਾਰੀ ਸਕੂਲ ਵਿੱਚ ਇੱਕ ਅਧਿਆਪਕਾ ਨੇ ਇੱਕ ਵਿੰਗ ਦੇ ਇੰਚਾਰਜ ’ਤੇ ਜਾਤੀ ਸੂਚਕ ਸ਼ਬਦ ਕਹਿਣ ਦੇ ਦੋਸ਼ ਲਾਏ ਸਨ। ਉਨ੍ਹਾਂ ਕਿਹਾ ਸੀ ਕਿ ਜੁਆਇੰਟ ਟੀਚਰਜ਼ ਐਸੋਸੀਏਸ਼ਨ ਦੇ ਇਸ ਆਗੂ ਅਧਿਆਪਕ ਨੇ ਉਸ ਨੂੰ ਜਾਤੀ ਸੂਚਕ ਸ਼ਬਦ ਕਹੇ ਸਨ। ਇਸ ਸਬੰਧੀ ਸਿੱਖਿਆ ਵਿਭਾਗ ਨੇ ਲੰਬਾ ਸਮਾਂ ਕੋਈ ਕਾਰਵਾਈ ਨਾ ਕੀਤੀ ਪਰ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਇਸ ਮਾਮਲੇ ਵਿਚ 28 ਅਕਤੂਬਰ ਨੂੰ ਪੁਲੀਸ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ। ਅਧਿਆਪਕਾਂ ਨੇ ਦੋਸ਼ ਲਾਇਆ ਸੀ ਕਿ ਸ਼ਿਕਾਇਤ ਕਰਨ ਤੋਂ ਬਾਅਦ ਉਸ ਨੂੰ ਬਰਖਾਸਤ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਕਾਰਨ ਉਹ ਮਾਨਸਿਕ ਪ੍ਰੇਸ਼ਾਨ ਹੈ। ਜਾਣਕਾਰੀ ਅਨੁਸਾਰ ਸਕੂਲ ਪ੍ਰਿੰਸੀਪਲ ਨੇ ਇਸ ਮਾਮਲੇ ’ਤੇ ਕਾਰਵਾਈ ਨਾ ਕੀਤੀ ਤਾਂ ਅਧਿਆਪਕਾਂ ਨੇ ਸਿੱਖਿਆ ਸਕੱਤਰ ਪ੍ਰੇਰਨਾ ਪੁਰੀ ਨੂੰ ਸ਼ਿਕਾਇਤ ਕੀਤੀ।
ਬਾਕਸ
ਵੀਡੀਓ ਵਾਇਰਲ ਮਗਰੋਂ ਹੋਣ ਬਾਅਦ ਕਾਰਵਾਈ
ਇਨ੍ਹਾਂ ਦੋ ਅਧਿਆਪਕਾਵਾਂ ਨੇ ਇੰਕ ਵੀਡੀਓ ਜਾਰੀ ਕਰ ਕੇ ਦੋਸ਼ ਲਾਏ ਸਨ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਲੰਬਾ ਸਮਾਂ ਹੋ ਗਿਆ ਹੈ ਪਰ ਸਿੱਖਿਆ ਵਿਭਾਗ ਤੇ ਹੋਰ ਵਿਭਾਗ ਇਸ ਮਾਮਲੇ ’ਤੇ ਕਾਰਵਾਈ ਨਹੀਂ ਕਰ ਰਹੇ। ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਿੰਸੀਪਲ ਰਾਜ ਬਾਲਾ ਨੂੰ ਸੈਕਟਰ-33 ਤੋਂ ਸੈਕਟਰ-22 ਵਿਚ ਬਦਲ ਦਿੱਤਾ ਹੈ ਜਿੱਥੇ ਉਹ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੇ ਸਿਹਤ ਸਬੰਧੀ ਜਾਗਰੂਕ ਕਰਨਗੇ।

