ਜੰਗਲਾਤ ਜ਼ਮੀਨ ’ਤੇ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ’ਚ ਕੇਸ ਦਰਜ
ਤਿੰਨ ਵਿੱਚੋਂ ਦੋ ਮੁਲਜ਼ਮ ਬਰੀ; ਜੰਗਲਾਤ ਅਧਿਕਾਰੀਆਂ ਵੱਲੋਂ ਅਰਜ਼ੀ ਦੇਣ ਦੇ ਇੱਕ ਮਹੀਨੇ ਬਾਅਦ ਕੇਸ ਦਰਜ
Advertisement
ਨੰਗਲ ਸਬ ਡਿਵੀਜ਼ਨ ਦੇ ਪਿੰਡ ਭੰਗਲਾ ਵਿੱਚ ਜੰਗਲਾਤ ਜ਼ਮੀਨ ’ਤੇ ਗੈਰ-ਕਾਨੂੰਨੀ ਮਾਈਨਿੰਗ ਕਰਨ ਦੇ ਦੋਸ਼ ਵਿੱਚ ਨੰਗਲ ਪੁਲੀਸ ਨੇ ਆਖਰਕਾਰ 20 ਜੁਲਾਈ ਨੂੰ ਇੱਕ ਵਿਅਕਤੀ ਜਗਦੇਵ ਸਿੰਘ ਵਿਰੁੱਧ ਮਾਈਨ ਅਤੇ ਮਿਨਰਲ ਐਕਟ ਤਹਿਤ ਐਫਆਈਆਰ ਦਰਜ ਕਰ ਲਈ ਹੈ। ‘ਪੰਜਾਬੀ ਟ੍ਰਿਬਿਊਨ’ ਨੇ ਰਿਪੋਰਟ ਦਿੱਤੀ ਕਿ ਜੰਗਲਾਤ ਅਧਿਕਾਰੀਆਂ ਵੱਲੋਂ ਇਸ ਮਾਮਲੇ ਵਿੱਚ ਲਿਖਤੀ ਸ਼ਿਕਾਇਤ ਦੇ ਬਾਵਜੂਦ ਮਾਮਲੇ ਵਿੱਚ ਕੇਸ ਦਰਜ ਨਹੀਂ ਕੀਤਾ ਜਾ ਰਿਹਾ ਹੈ। ਪੁਲੀਸ ਨੇ ਦੱਸਿਆ ਕਿ ਜੰਗਲਾਤ ਰੇਂਜ ਅਧਿਕਾਰੀ ਨੂਰਪੁਰ ਬੇਦੀ ਨੇ ਪਿਛਲੇ ਮਹੀਨੇ 22 ਜੂਨ ਨੂੰ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਜਗਦੇਵ ਸਿੰਘ, ਰਾਣਾ ਸਟੋਨ ਕਰੱਸ਼ਰ ਮਾਲਕ ਅਤੇ ਇੱਕ ਦਰਸ਼ਨ ਲਾਲ ਵਿਰੁੱਧ ਜੰਗਲਾਤ ਜ਼ਮੀਨ ’ਤੇ ਗੈਰ-ਕਾਨੂੰਨੀ ਮਾਈਨਿੰਗ ਕਰਨ ਅਤੇ ਸਰਕਾਰੀ ਕਰਮਚਾਰੀਆਂ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰਨ ਲਈ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਐਫਆਈਆਰ ਵਿੱਚ ਕਿਹਾ ਗਿਆ ਹੈ ਕਿ 26 ਅਪਰੈਲ ਨੂੰ ਭੰਗਲਾ ਪੰਚਾਇਤ ਨੇ ਰੇਂਜ ਅਧਿਕਾਰੀ ਨੂਰਪੁਰ ਬੇਦੀ ਨੂੰ ਇੱਕ ਅਰਜ਼ੀ ਦਿੱਤੀ ਸੀ ਕਿ ਰਾਣਾ ਸਟੋਨ ਕਰੱਸ਼ਰ ਅਤੇ ਦਰਸ਼ਨ ਲਾਲ ਮਾਮਲੇ ਵਿੱਚ ਸ਼ਾਮਲ ਨਹੀਂ ਹਨ। ਪੰਚਾਇਤ ਦੀ ਅਰਜ਼ੀ ਕਾਰਨ ਰਾਣਾ ਸਟੋਨ ਕਰੱਸ਼ਰ ਦੇ ਮਾਲਕ ਅਤੇ ਦਰਸ਼ਨ ਲਾਲ ਵਿਰੁੱਧ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਜਦੋਂ ਕਿ ਇੱਕ ਜਗਦੇਵ ਸਿੰਘ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਜੰਗਲਾਤ ਜ਼ਮੀਨ ’ਤੇ ਗੈਰ-ਕਾਨੂੰਨੀ ਮਾਈਨਿੰਗ ਵਿੱਚ ਵਰਤੇ ਗਏ ਟਿੱਪਰ ਦੇ ਅਣਪਛਾਤੇ ਡਰਾਈਵਰ ਵਿਰੁੱਧ ਵੀ ਕੇਸ ਦਰਜ ਕੀਤਾ ਹੈ। ਜੰਗਲਾਤ ਅਧਿਕਾਰੀਆਂ ਨੇ 22 ਜੂਨ ਨੂੰ ਇੱਕ ਪੱਤਰ ਵਿੱਚ ਡੀਐੱਸਪੀ ਨੰਗਲ ਕੁਲਵੀਰ ਸਿੰਘ ਠੱਕਰ ਨੂੰ ਕਿਹਾ ਸੀ ਕਿ ਉਹ ਵਿੱਚ ਸ਼ਾਮਲ ਲੋਕਾਂ ਵਿਰੁੱਧ ਗੈਰ-ਕਾਨੂੰਨੀ ਮਾਈਨਿੰਗ, ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣ ਅਤੇ ਸਰਕਾਰੀ ਕਰਮਚਾਰੀਆਂ ਨੂੰ ਡਰਾਉਣ-ਧਮਕਾਉਣ ਵਰਗੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਨ।
Advertisement
Advertisement