ਨਾਜਾਇਜ਼ ਖਣਨ ਦੇ ਦੋਸ਼ ਹੇਠ ਅਣਪਛਾਤਿਆਂ ਖ਼ਿਲਾਫ਼ ਕੇਸ
ਮਿਹਰ ਸਿੰਘ
ਕੁਰਾਲੀ, 13 ਫਰਵਰੀ
ਬਲਾਕ ਮਾਜਰੀ ਦੇ ਪਿੰਡਾਂ ਵਿੱਚ ਹੋ ਰਹੀ ਨਾਜਾਇਜ਼ ਖਣਨ ਖ਼ਿਲਾਫ਼ ਡਰੇਨੇਜ਼-ਕਮ-ਖਣਨ ਤੇ ਭੂ-ਵਿਗਿਆਨ ਵਿਭਾਗ ਵੱਲੋਂ ਅਚਾਨਕ ਸਖ਼ਤੀ ਵਰਤੀ ਜਾ ਰਹੀ ਹੈ। ਬਲਾਕ ਮਾਜਰੀ ਦੇ ਪਿੰਡ ਕੁੱਬਾਹੇੜੀ ’ਚ ਨਾਜਾਇਜ਼ ਖਣਨ ਦੇ ਮਾਮਲੇ ਵਿੱਚ ਥਾਣਾ ਮਾਜਰੀ ’ਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰਵਾਇਆ ਗਿਆ ਹੈ।
ਡਰੇਨੇਜ-ਕਮ-ਖਣਨ ਤੇ ਭੂ-ਵਿਗਿਆਨ ਦੇ ਕਾਰਜਕਾਰੀ ਇੰਜਨੀਅਰ ਅਕਾਸ਼ ਅਗਰਵਾਲ ਨੇ ਦੱਸਿਆ ਕਿ ਵਿਭਾਗ ਨੂੰ ਕੁੱਬਾਹੇੜੀ ’ਚ ਗਰੈਵਲ ਦੀ ਨਾਜਾਇਜ਼ ਨਿਕਾਸੀ ਦੀ ਸੂਚਨਾ ਮਿਲੀ ਸੀ। ਵਿਭਾਗ ਦੀ ਟੀਮ ਨੇ ਜਦੋਂ ਜਾਂਚ ਕੀਤੀ ਤਾਂ ਕਰੀਬ 29 ਹਜ਼ਾਰ ਵਰਗ ਫੁੱਟ ਰਕਬੇ ’ਚੋਂ 2.32 ਲੱਖ ਘਣ ਫੁੱਟ ਦੀ ਮੁੱਢਲੇ ਤੌਰ ’ਤੇ ਨਿਕਾਸੀ ਹੋਈ ਮਿਲੀ। ਉਨ੍ਹਾਂ ਦੱਸਿਆ ਕਿ ਇਸ ਦੀ ਮਨਜ਼ੂਰੀ ਨਾ ਲੈਣ ਦੇ ਦੋਸ਼ ਹੇਠ ਮਾਜਰੀ ਪੁਲੀਸ ਵੱਲੋਂ ਕੇਸ ਕੀਤਾ ਗਿਆ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਮਾਜਰੀ ਪੁਲੀਸ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਅਗਲੇਰੀ ਪੜਤਾਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਵੱਲੋਂ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਮਾਲਕੀ ਬਾਰੇ ਪਤਾ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਮਾਮਲੇ ਵਿੱਚ ਸ਼ਾਮਲ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹੇ ’ਚ ਕੇਵਲ ਬਨੂੜ ਵੀਅਰ ਨੂੰ ਛੱਡ ਕੇ ਹੋਰ ਕਿਸੇ ਵੀ ਥਾਂ ਵਿਭਾਗ ਵੱਲੋਂ ਅਧਿਕਾਰਿਤ ਤੌਰ ’ਤੇ ਡੀ-ਸਿਲਟਿੰਗ ਜਾਂ ਖਣਨ ਦੀ ਇਜ਼ਾਜਤ ਨਹੀਂ ਦਿੱਤੀ ਹੋਈ।
ਖਣਨ ਮਾਫ਼ੀਆ ਚੁਣੌਤੀ ਬਣਿਆ
ਬਲਾਕ ਮਾਜਰੀ ਦੇ ਪਿੰਡਾਂ ਵਿੱਚ ਨਿਰੰਤਰ ਹੋ ਰਹੀ ਖਣਨ ਦੇ ਬਾਜਵੂਦ ਸਰਕਾਰ ਤੇ ਪ੍ਰਸ਼ਾਸਨ ਖਣਨ ਮਾਫ਼ੀਆ ਨੂੰ ਨੱਥ ਨਹੀਂ ਪਾ ਸਕੇ। ਇੱਥੋਂ ਵੱਡੀ ਮਾਤਰਾ ਵਿੱਚ ਨਾਜਾਇਜ਼ ਖਣਨ ਹੋਣ ਦੇ ਬਾਵਜੂਦ ਪ੍ਰਸ਼ਾਸਨ ਨੂੰ ਖਣਨ ਕਰਨ ਵਾਲਿਆਂ ਦਾ ਪਤਾ ਨਹੀਂ ਲੱਗ ਸਕਿਆ ਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਹੀ ਮੀਆਂਪੁਰ ਚੰਗਰ ਦੇ ਖਣਨ ਮਾਮਲੇ ਵਿੱਚ ਅਣਪਛਾਤਿਆਂ ਖ਼ਿਲਾਫ਼ ਹੀ ਕੇਸ ਦਰਜ ਕੀਤਾ ਗਿਆ ਸੀ।