ਥਾਣਾ ਫੇਜ਼ ਗਿਆਰਾਂ ਦੀ ਪੁਲੀਸ ਨੇ ਸੀ ਪੀ 67 ਮਾਲ ਦੀ ਗਿਆਰਵੀਂ ਮੰਜ਼ਿਲ ’ਤੇ ਖੁੱਲ੍ਹੀ ਇਮੀਗ੍ਰੇਸ਼ਨ ਫ਼ਰਮ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਫੇਜ਼ ਗਿਆਰਾਂ ਦੇ ਐਸ ਐਚ ਓ ਇੰਸਪੈਕਟਰ ਪੈਰੀਵਿੰਕਲ ਗਰੇਵਾਲ ਨੇ ਦੱਸਿਆ ਕਿ ਪੁਲੀਸ ਵੱਲੋਂ ਇਹ ਕੇਸ ਅਨਿਲ ਸਚਦੇਵਾ ਵਾਸੀ ਸੈਕਟਰ 6, ਬਹਾਦਰਗੜ੍ਹ (ਹਰਿਆਣਾ) ਦੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਸੁਕੇਅਰ ਇਮੀਗ੍ਰੇਸ਼ਨ ਨਾਮੀਂ ਕੰਪਨੀ ਦਾ ਸੋਸ਼ਲ ਮੀਡੀਆ ਉੱਤੇ ਵਿਗਿਆਪਨ ਪੜ੍ਹ ਕੇ ਆਪਣੀ ਪਤਨੀ ਨੂੰ ਵਿਦੇਸ਼ ਭੇਜਣ ਲਈ ਗਿਆ ਸੀ। ਉਨ੍ਹਾਂ ਕਿਹਾ ਕਿ ਸਬੰਧਤ ਫ਼ਰਮ ਵੱਲੋਂ ਉਸ ਕੋਲੋਂ ਦੋ ਲੱਖ 60 ਰੁਪਏ ਹਾਸਲ ਕਰ ਲਏ ਗਏ। ਉਨ੍ਹਾਂ ਕਿਹਾ ਕਿ ਸਵਾ ਸਾਲ ਲੰਘਣ ਦੇ ਬਾਵਜੂਦ ਜਦੋਂ ਵੀਜ਼ਾ ਨਹੀਂ ਲੱਗਿਆ ਤਾਂ ਉਹ ਆਪਣੇ ਪੈਸੇ ਵਾਪਸ ਮੰਗਣ ਗਏ, ਜਿੱਥੇ ਫ਼ਰਮ ਵਿੱਚ ਕੰਮ ਕਰਦੇ ਇੱਕ ਮਰਦ ਅਤੇ ਔਰਤ ਸਮੇਤ ਦੋ ਹੋਰ ਵਿਅਕਤੀਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ।ਥਾਣਾ ਮੁਖੀ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਉੱਤੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਪੜਤਾਲ ਆਰੰਭ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।