ਪਿੰਡ ਜੰਗਪੁਰਾ ਵਿੱਚ ਚਾਰ ਦੋਸਤਾਂ ਵੱਲੋਂ ਘਰ ਦੀ ਅਲਮਾਰੀ ਵਿੱਚ ਪਿਆ ਪਿਸਤੌਲ ਕੱਢ ਕੇ ਸੋਸ਼ਲ ਮੀਡੀਆ ਲਈ ਵੀਡੀਓ ਬਣਾਉਣ ਦੇ ਚੱਕਰ ਵਿੱਚ ਸਿਰ ਵਿੱਚ ਗੋਲੀ ਲੱਗਣ ਨਾਲ ਮਾਰੇ ਗਏ ਪ੍ਰਿੰਸਪਾਲ (17) ਦੀ ਮਾਂ ਦੇ ਬਿਆਨਾਂ ’ਤੇ ਥਾਣਾ ਬਨੂੜ ਦੀ ਪੁਲੀਸ ਨੇ ਲਾਇਸੈਂਸੀ ਪਿਸਤੌਲ ਦੇ ਮਾਲਕ ਸੁਖਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।ਮ੍ਰਿਤਕ ਪ੍ਰਿੰਸਪਾਲ ਦੀ ਮਾਂ ਸ਼ਰਨਜੀਤ ਕੌਰ ਨੇ ਆਪਣੇ ਬਿਆਨਾਂ ਮੁੰਡੇ ਦੀ ਮੌਤ ਦੀ ਜਾਂਚ ਦੀ ਮੰਗ ਕੀਤੀ ਸੀ। ਘਟਨਾ 27 ਅਗਸਤ ਨੂੰ ਵਾਪਰੀ ਸੀ, ਜਦੋਂ ਚਾਰੇ ਦੋਸਤ ਜੰਗਪੁਰਾ ਦੇ ਲਵਜੋਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਦੇ ਘਰ ਖੇਡਣ ਆਏ ਸਨ। ਘਰ ਦਾ ਕੋਈ ਵੀ ਹੋਰ ਜੀਅ ਉੱਥੇ ਮੌਜੂਦ ਨਹੀਂ ਸੀ। ਲਵਜੋਤ ਦੇ ਪਿਤਾ ਸੁਖਵਿੰਦਰ ਸਿੰਘ ਦੇ ਦੱਸਣ ਅਨੁਸਾਰ ਇਹ ਮੁੰਡੇ ਸੋਸ਼ਲ ਮੀਡੀਆ ’ਤੇ ਪਿਸਤੌਲ ਨਾਲ ਵੀਡੀਓ ਬਣਾ ਰਹੇ ਸਨ, ਜੋ ਕਿ ਇਨ੍ਹਾਂ ਨੇ ਜ਼ਿੰਦਰਾ ਲੱਗੀ ਅਲਮਾਰੀ ਵਿੱਚੋਂ ਕੱਢਿਆ ਸੀ। ਅਚਾਨਕ ਗੋਲੀ ਚੱਲਣ ਨਾਲ ਜ਼ਖ਼ਮੀ ਹੋਏ ਪ੍ਰਿੰਸਪਾਲ ਨੂੰ ਗੁਆਂਢੀਆਂ ਵੱਲੋਂ ਚੁੱਕ ਕੇ ਗਿਆਨ ਸਾਗਰ ਹਸਪਤਾਲ ਪਹੁੰਚਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਸੀ।