ਡਿਵੈਲਪਰਜ਼ ਦੀ ਸ਼ਿਕਾਇਤ ’ਤੇ ਚਾਰ ਦਰਜਨ ਖ਼ਿਲਾਫ਼ ਪਰਚਾ ਦਰਜ
ਮੁਹਾਲੀ ਦੇ ਆਈਟੀ ਥਾਣੇ ਦੀ ਪੁਲੀਸ ਨੇ ਸੰਨੀ ਲਵਲੀ ਡਿਵੈਲਪਰਜ਼ ਦੇ ਮਾਲਕ ਸੁਖਦੇਵ ਸਿੰਘ ਦੀ ਸ਼ਿਕਾਇਤ ਉੱਤੇ ਗੁਰਿੰਦਰ ਸਿੰਘ ਵਾਸੀ ਪਿੰਡ ਅੰਬੇਮਾਜਰਾ (ਫ਼ਤਿਹਗੜ੍ਹ ਸਾਹਿਬ) ਅਤੇ ਉਸ ਦੇ ਨਾਲ ਚਾਰ ਦਰਜਨ ਅਣਪਛਾਤੇ ਵਿਅਕਤੀਆਂ ਉੱਤੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ।...
ਮੁਹਾਲੀ ਦੇ ਆਈਟੀ ਥਾਣੇ ਦੀ ਪੁਲੀਸ ਨੇ ਸੰਨੀ ਲਵਲੀ ਡਿਵੈਲਪਰਜ਼ ਦੇ ਮਾਲਕ ਸੁਖਦੇਵ ਸਿੰਘ ਦੀ ਸ਼ਿਕਾਇਤ ਉੱਤੇ ਗੁਰਿੰਦਰ ਸਿੰਘ ਵਾਸੀ ਪਿੰਡ ਅੰਬੇਮਾਜਰਾ (ਫ਼ਤਿਹਗੜ੍ਹ ਸਾਹਿਬ) ਅਤੇ ਉਸ ਦੇ ਨਾਲ ਚਾਰ ਦਰਜਨ ਅਣਪਛਾਤੇ ਵਿਅਕਤੀਆਂ ਉੱਤੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਦੇ ਬਿਆਨਾਂ ਅਨੁਸਾਰ ਮੁਲਜ਼ਮ 10-15 ਗੱਡੀਆਂ ਵਿਚ ਉਨ੍ਹਾਂ ਦੇ ਸੈਕਟਰ 102 ਵਿਚਲੇ ਸੰਨੀ ਲਵਲੀ ਡਿਵੈਲਪਰਜ਼ ਦੇ ਦਫ਼ਤਰ ਆਏ ਅਤੇ ਭੰਨ-ਤੋੜ ਕੀਤੀ। ਉਨ੍ਹਾਂ ਦਫ਼ਤਰ ਦੇ ਪਿਛਲੇ ਪਾਸੇ ਪਲਾਟ ਉੱਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਵੀ ਲਗਾਏ। ਆਪਣੇ ਬਿਆਨਾਂ ਵਿਚ ਉਨ੍ਹਾਂ ਦੱਸਿਆ ਕਿ ਗੁਰਿੰਦਰ ਸਿੰਘ ਦੀ ਮਾਤਾ ਸੁਰਿੰਦਰ ਕੌਰ ਦਾ ਨੌਂ ਕਨਾਲ ਦੇ ਰਕਬੇ ਦਾ 5 ਜੁਲਾਈ, 2017 ਨੂੰ ਇਕਰਾਰਨਾਮਾ ਹੋਇਆ ਸੀ। ਸਾਂਝਾ ਖਾਤਾ ਹੋਣ ਕਾਰਨ ਉਨ੍ਹਾਂ ਦੇ ਨੌਂ ਕਨਾਲ ਦੀ ਥਾਂ ਕਿੱਥੇ ਸਥਿਤ ਹੈ, ਇਸ ਦੀ ਹਾਲੇ ਤੱਕ ਪੁਸ਼ਟੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਸਬੰਧਿਤ ਵਿਅਕਤੀਆਂ ਉਨ੍ਹਾਂ ਦਾ ਕਾਫ਼ੀ ਨੁਕਸਾਨ ਕੀਤਾ। ਉਨ੍ਹਾਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪੁਲੀਸ ਵੱਲੋਂ ਪਰਚਾ ਦਰਜ ਕਰਨ ਉਪਰੰਤ ਮਾਮਲੇ ਦੀ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਦਰਜ ਕੀਤਾ ਕੇਸ ਝੂਠਾ: ਗੁਰਿੰਦਰ
ਗੁਰਿੰਦਰ ਸਿੰਘ ਨੇ ਕਿਹਾ ਹੈ ਕਿ ਉਸ ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਬਿਲਕੁਲ ਝੂਠਾ ਹੈ। ਉਨ੍ਹਾਂ ਕਿਹਾ ਕਿ ਸੁਖਦੇਵ ਨੇ ਦਾਅਵਾ ਕੀਤਾ ਕਿ ਜ਼ਮੀਨ 5 ਜੂਨ, 2017 ਨੂੰ ਸਾਂਝੇ ਖਾਤੇ ਰਾਹੀਂ ਸਾਂਝੀ ਤੌਰ ’ਤੇ ਜ਼ਮੀਨ ਖਰੀਦੀ ਗਈ ਸੀ ਅਤੇ ਜ਼ਮੀਨ ਦੀ ਹੱਦਬੰਦੀ ਨਹੀਂ ਕੀਤੀ ਗਈ ਹੈ, ਜੋ ਕਿ ਝੂਠ ਹੈ। ਗੁਰਿੰਦਰ ਸਿੰਘ ਨੇ ਕਿਹਾ ਕਿ ਇਹ ਉਸ ਦੀ ਜੱਦੀ ਜਾਇਦਾਦ ਹੈ। ਉਹ 10 ਵਜੇ ਸਰ੍ਹੋਂ ਬੀਜਣ ਲਈ ਆਪਣੇ ਟਰੈਕਟਰ ’ਤੇ ਉੱਥੇ ਗਿਆ ਸੀ। ਉਨ੍ਹਾਂ ਕਿਹਾ ਕਿ ਡਿਵੈਲਪਰ ਝੂਠ ਬੋਲ ਰਿਹਾ ਹੈ ਅਤੇ ਬਿਲਡਰਾਂ ਦੀ ਲਾਬੀ ਕਿਸਾਨਾਂ ਦੀ ਜ਼ਮੀਨ ਹੜੱਪਣ ਨੂੰ ਫਿਰਦੀ ਹੈ।