ਗੁਰਦੁਆਰਾ ਬਾਬਾ ਗੁਰਦਿੱਤਾ ਨੇੜੇ ਡਿਊਢੀ ਬਚਾਉਣ ਦੀ ਮੁਹਿੰਮ ਜਾਰੀ
ਕੀਰਤਪੁਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਆਲੇ ਦੁਆਲੇ ਖੇਤਰਾਂ ਵਿੱਚ ਸਤਲੁਜ ਦੇ ਪਾਣੀ ਅਤੇ ਪਿਛਲੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਹੋਏ ਨੁਕਸਾਨ ਅਤੇ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਰਾਹਤ ਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਕੀਰਤਪੁਰ ਸਾਹਿਬ ਵਿਖੇ ਇਤਿਹਾਸਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੀ ਪੁਰਾਤਨ ਡਿਊਢੀ ਨੇੜੇ ਭਾਰੀ ਖਾਰ ਪੈਣ ਨਾਲ ਨੁਕਸਾਨ ਦਾ ਖਤਰਾ ਬਣ ਗਿਆ ਸੀ। ਡਿਊਢੀ ਨੂੰ ਬਚਾਉਣ ਲਈ ਸੈਂਕੜੇ ਨੌਜਵਾਨਾਂ ਨੇ ਮਿੱਟੀ ਦੀਆਂ ਬੋਰੀਆਂ ਭਰ ਕੇ ਅੱਜ ਦੂਜੇ ਦਿਨ ਵੀ ਸੇਵਾ ਕੀਤੀ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਸੰਗਤਾਂ ਨਾਲ ਸੇਵਾ ਵਿੱਚ ਸ਼ਾਮਲ ਹੋਏ ਅਤੇ ਨੌਜਵਾਨਾਂ ਦੇ ਜਜ਼ਬੇ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਦੂਜੇ ਪਾਸੇ, ਸ੍ਰੀ ਆਨੰਦਪੁਰ ਸਾਹਿਬ ਵਿੱਚ ਦੋ ਤਖ਼ਤਾਂ ਨੂੰ ਜੋੜਨ ਵਾਲੇ ਸਤਲੁਜ ਪੁਲ ਹੇਠਾਂ ਵੱਡਾ ਪਾੜ ਪੈਣ ਕਾਰਨ ਪੁਲ ਦੀ ਨੀਂਹ ਖ਼ਤਰੇ ਵਿੱਚ ਹੈ। ਕਿਲ੍ਹਾ ਆਨੰਦਗੜ੍ਹ ਸਾਹਿਬ ਕਾਰ ਸੇਵਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਨੂਰਪੁਰ ਬੇਦੀ ਅਤੇ ਆਨੰਦਪੁਰ ਸਾਹਿਬ ਦੇ ਨੌਜਵਾਨਾਂ ਵੱਲੋਂ ਮਿੱਟੀ ਦੇ ਗੱਟੇ ਮੌਕੇ ’ਤੇ ਪਹੁੰਚਾਏ ਤੇ ਖਾਰ ਨੂੰ ਵਧਣ ਤੋਂ ਰੋਕਿਆ। ਨੌਜਵਾਨ ਆਗੂ ਗੌਰਵ ਰਾਣਾ ਨੇ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਪੁਲ ਨੂੰ ਬਚਾਉਣ ਲਈ ਟੈਕਨੀਕਲ ਟੀਮਾਂ ਨਾਲ ਵੱਡੀ ਰਾਹਤ ਮੁਹਿੰਮ ਚਲਾਈ ਜਾਵੇ।
ਇਸ ਦੇ ਨਾਲ, ਸ਼ਾਹਪੁਰ ਬੇਲਾ ਵਿੱਚ ਪ੍ਰਸ਼ਾਸਨ ਵੱਲੋਂ ਮੈਡੀਕਲ ਟੀਮਾਂ ਭੇਜੀਆਂ ਗਈਆਂ ਜਿਨ੍ਹਾਂ ਨੇ ਪ੍ਰਭਾਵਿਤ ਲੋਕਾਂ ਤੇ ਪਸ਼ੂਆਂ ਦੀ ਸਿਹਤ ਜਾਂਚ ਕੀਤੀ ਅਤੇ ਰਾਹਤ ਸਮੱਗਰੀ ਵੰਡਾਈ। ਐੱਸਡੀਐੱਮ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣ ਲਈ ਉਪਰਾਲੇ ਜਾਰੀ ਹਨ।
ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਚਲਾਏ ਜਾ ਰਹੇ ਨੇ ਰਾਹਤ ਕਾਰਜ: ਬੈਂਸ
ਨੰਗਲ (ਬਲਵਿੰਦਰ ਰੈਤ): ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਲਾਕੇ ਦੀਆਂ ਪੰਚਾਇਤਾਂ, ਸਰਪੰਚਾਂ, ਆਮ ਆਦਮੀ ਪਾਰਟੀ ਦੇ ਵਾਲੰਟੀਅਰਾਂ, ਨੌਜਵਾਨਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਮਿਲ-ਜੁਲ ਕੇ ਹੜ੍ਹ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਦਿਨ-ਰਾਤ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਸਾਡੇ ਵੱਲੋਂ ਮਿਲ ਜੁਲ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਭ ਤੋਂ ਵੱਡੇ ਰਾਹਤ ਕਾਰਜ ਸਫਲਤਾਪੂਰਵਕ ਕੀਤੇ ਗਏ ਹਨ। ਇਸ ਕਾਰਜ ਵਿੱਚ ‘ਆਪ’ ਵਾਲੰਟੀਅਰ, ਪੰਚ-ਸਰਪੰਚਾਂ ਅਤੇ ਨੌਜਵਾਨਾਂ ਨੇ ਵੀ ਭਾਗ ਲਿਆ ਜੋ ਕਿ ਇੱਕ ਵਿਲੱਖਣ ਯੋਗਦਾਨ ਹੈ। ਬੈਂਸ ਨੇ ਕਿਹਾ ਕਿ ਨੰਗਲ ਸ਼ਹਿਰ ਦੇ ਲਕਸ਼ਮੀ ਨਰਾਇਣ ਮੰਦਰ, ਸ੍ਰੀ ਆਨੰਦਪੁਰ ਸਾਹਿਬ ਦੇ ਅਗੰਮਪੁਰ ਪੁਲ, ਹਰੀਵਾਲ, ਝਿੰਜੜੀ, ਕੀਰਤਪੁਰ ਸਾਹਿਬ ਦੇ ਪਿੰਡ ਡਾਢੀ ਸਮੇਤ ਦਰਜਨਾਂ ਥਾਵਾਂ ’ਤੇ ਦਰਿਆ, ਨਹਿਰਾਂ, ਖੱਡਾਂ ਦੇ ਬੰਨ੍ਹ ਅਤੇ ਕੰਢੇ ਤੇਜ਼ ਪਾਣੀ ਦੇ ਵਹਾਅ ਕਾਰਨ ਟੁੱਟ ਗਏ ਜਿਨ੍ਹਾਂ ਨੂੰ ਸਮਾਂ ਰਹਿੰਦੇ ਮੁਰੰਮਤ ਕਰ ਕੇ ਸੈਂਕੜੇ ਏਕੜ ਫਸਲ ਤੇ ਹੋਰ ਜਾਨ-ਮਾਲ ਨੂੰ ਬਚਾਉਣ ਲਈ ਰਾਹਤ ਤੇ ਬਚਾਅ ਕਾਰਜ ਚਲਾਏ।