ਸੋਹਾਣਾ ਕਬੱਡੀ ਕੱਪ ਮੌਕੇ ਬਲਦਾਂ ਦੀਆਂ ਦੌੜਾਂ
ਜੱਗੀ ਭਾਮੀਆਂ ਦੀ ਜੋੜੀ ਨੇ ਮਾਰੀ ਬਾਜ਼ੀ; ਕਬੱਡੀ ’ਚ ਪੀਰ ਖ਼ਾਨ ਦੀ ਟੀਮ ਅੱਵਲ
ਬੈਦਵਾਣ ਸਪੋਰਟਸ ਕਲੱਬ ਸੋਹਾਣਾ ਵਲੋਂ ਕਰਵਾਏ ਜਾ ਰਹੇ 29ਵੇਂ ਕਬੱਡੀ ਕੱਪ ਵਿਚ ਅੱਜ ਬੈਲਗੱਡੀਆਂ ਦੀਆਂ ਦੌੜਾਂ ਵਿੱਚ ਜੱਗੀ ਭਾਮੀਆਂ ਦੇ ਬਲਦਾਂ ਦੀ ਜੋੜੀ ਨੇ ਪਹਿਲਾ ਸਥਾਨ ਹਾਸਲ ਕਰਕੇ ਹੀਰੋ ਹਾਂਡਾ ਮੋਟਰਸਾਈਕਲ ਜਿੱਤਿਆ। ਇਸ ਦੌੜ ’ਚ ਸੁਖਪਾਲ ਰੈਲੀ ਦੇ ਬਲਦ ਦੋਇਮ ਤੇ ਗਿਆਨੀ ਲੰਗ ਦੇ ਬਲਦ ਤੀਜੇ ਸਥਾਨ ’ਤੇ ਰਹੇ। ਬਲਦਾਂ ਦੀਆਂ 80 ਜੋੜੀਆਂ ਨੇ ਦੌੜਾਂ ਵਿੱਚ ਭਾਗ ਲਿਆ। ਕਲੱਬ ਦੇ ਸਰਪਰਸਤ ਰੂਪਾ ਸੋਹਾਣਾ ਤੇ ਐੱਮ ਸੀ ਹਰਜੀਤ ਸਿੰਘ ਭੋਲੂ ਨੇ ਦੱਸਿਆ ਕਿ ਖੇਡਾਂ ਦੀ ਸ਼ੁਰੂਆਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਨੇ ਅਰਦਾਸ ਕਰਕੇ ਕੀਤੀ ਤੇ ਕਲੱਬ ਨੂੰ 51,000 ਦੀ ਮਦਦ ਦਿੱਤੀ। ਪਹਿਲੇ 21 ਸਥਾਨਾਂ ’ਤੇ ਰਹੀਆਂ ਬਲਦਾਂ ਦੀਆਂ ਜੋੜੀਆਂ ਨੂੰ ਨਕਦ ਇਨਾਮ ਦਿੱਤੇ ਤੇ 15 ਬਲਦਾਂ ਦੀਆਂ ਜੋੜੀਆਂ ਨੂੰ ਲਾਲੀ ਸੁਹਾਣਾ ਨੇ ਬਲਦਾਂ ਦੇ ਝੁੱਲ (ਕੰਬਲ) ਦਿੱਤੇ। ਕਬੱਡੀ 42 ਕਿੱਲੋ ਵਿੱਚ ਪੀਰ ਖਾਨ ਅਤੇ ਹਰਜੀਤ ਕਲੱਬ ਬਾਜਾਖਾਨਾ ਜਦਕਿ 47 ਕਿਲੋ ਵਿੱਚ ਸਾਧਨਵਾਸ ਤੇ ਚਿੜਵੀ ਕ੍ਰਮਵਾਰ ਜੇਤੂ ਤੇ ਉਪਜੇਤੂ ਰਹੇ। ਸਰਵੋਤਮ ਧਾਵੀਆਂ ਤੇ ਜਾਫੀਆਂ ਨੂੰ ਨਵੇਂ ਸਾਈਕਲ ਦਿੱਤੇ ਗਏ। ਇਸੇ ਤਰਾਂ ਕੁੱਤਿਆਂ ਦੇ ਮੁਕਾਬਲਿਆਂ ਵਿਚ ਸੰਦੀਪ ਅੰਬਾਲਾ ਦੀ ਆਲ ਆਈਜ਼ ਔਤਸੀ ਨੇ ਮੋਟਰਸਾਈਕਲ ਦਾ ਪਹਿਲਾ ਇਨਾਮ ਜਿੱਤਿਆ। ਤੋਚੀ ਸਰਪੰਚ ਕੈਲੋਂ ਦੇ ਡਾਲਫ਼ਿਨ ਨੇ ਦੂਜਾ, ਦੇਵਿੰਦਰ ਆਨੰਦਪੁਰ ਸਾਹਿਬ ਦੇ ਅਲਬਖ਼ਸ ਨੇ ਤੀਜਾ, ਲਾਡੀ ਸੇਖੋਂ ਭਾਰਤਪੁਰ ਦੀ ਵਾਈਟ ਪੌਤ ਨੇ ਚੌਥਾ ਇਨਾਮ ਜਿੱਤਿਆ। ਅੱਜ ਲੜਕੀਆਂ ਦੇ ਕਬੱਡੀ ਮੁਕਾਬਲੇ ਵੀ ਕਰਾਏ ਗਏ। ਕਲੱਬ ਦੇ ਪ੍ਰਧਾਨ ਰੂਬਲ ਸੋਹਾਣਾ, ਸਰਪ੍ਰਸਤ ਮਹਿੰਦਰ ਸਿੰਘ ਸੋਹਾਣਾ ਨੇ ਦੱਸਿਆ ਕਿ ਐਤਵਾਰ ਨੂੰਕਬੱਡੀ ਓਪਨ ਤੇ ਘੋੜਿਆਂ ਦੀ ਦੌੜਾਂ ਹੋਣਗੀਆਂ।

