ਗੁਰਦੁਆਰੇ ਦੀ ਕੰਧ ਤੋੜਨ ਦੇ ਰੋਸ ਵਜੋਂ ਬਸਪਾ ਵੱਲੋਂ ਮੁਜ਼ਾਹਰਾ
ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਮੁਹਾਲੀ ਵਿੱਚ ਫਿਲੌਰ ਹਲਕੇ ਦੇ ਪਿੰਡ ਧਲੇਤਾ ਵਿਖੇ ਗੁਰੂ ਰਵਿਦਾਸ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੀ ਕੰਧ ਤੋੜਨ ਦੇ ਰੋਸ ਵਜੋਂ ਜ਼ਿਲ੍ਹਾ ਪੱਧਰੀ ਰੋਸ ਪ੍ਰਦਸ਼ਨ ਕੀਤਾ ਗਿਆ। ਧਰਨਾ ਦੇਣ ਉਪਰੰਤ ਐੱਸਡੀਐੱਮ ਮੁਹਾਲੀ ਨੂੰ ਰਾਜਪਾਲ ਪੰਜਾਬ ਦੇ ਨਾਮ ਮੰਗ ਪੱਤਰ ਦੇ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਬਸਪਾ ਦੇ ਜ਼ਿਲਾ ਪ੍ਰਧਾਨ ਹਰਕਾ ਦਾਸ ਧਾਲੀਵਾਲ ਦੀ ਅਗਵਾਈ ਹੇਠ ਦਿੱਤੇ ਧਰਨੇ ਵਿਚ ਪਾਰਟੀ ਦੇ ਜਨਰਲ ਸਕੱਤਰ ਠੇਕੇਦਾਰ ਹਰਭਜਨ ਸਿੰਘ ਬਜਹੇੜੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।ਧਰਨੇ ਨੂੰ ਸੰਬੋਧਨ ਕਰਦਿਆਂ ਉਪਰੋਕਤ ਆਗੂਆਂ ਤੋਂ ਇਲਾਵਾ ਸੁੱਚਾ ਸਿੰਘ ਸਨੇਟਾ, ਜਗਤਾਰ ਸਿੰਘ, ਬਖਸ਼ੀਸ਼ ਸਿੰਘ ਗੰਗੜ, ਸੁਰਿੰਦਰ ਸਿੰਘ ਡੇਰਾਬੱਸੀ, ਚਰਨਜੀਤ ਸਿੰਘ, ਬੇਗ ਸਿੰਘ, ਪ੍ਰਕਾਸ ਸਿੰਘ, ਕੁਲਵੰਤ ਸਿੰਘ ਸੰਧੂ, ਸੁਰਿੰਦਰਪਾਲ ਸਿੰਘ, ਜਸਵਿੰਦਰ ਸਿੰਘ ਝਿਊਰਹੇੜੀ ਆਦਿ ਨੇ ਬੋਲਦਿਆਂ ਕਿਹਾ ਕਿ ਸਬੰਧਿਤ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕੀਤੇ ਜਾਣ ਕਾਰਨ ਬਸਪਾ ਨੂੰ ਸੜਕਾਂ ਤੇ ਆਉਣਾ ਪਿਆ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਸੂਬੇ ਵਿਚ ਨਿੱਤ ਦਿਨ ਵਾਪਰ ਰਹੀਆਂ ਹਨ ਅਤੇ ਸੂਬਾ ਸਰਕਾਰ ਗੰਭੀਰ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਘੱਟ ਗਿਣਤੀਆਂ ਅਤੇ ਦਲਿਤ ਵਰਗਾਂ ਪ੍ਰਤੀ ਚਿੰਤਤ ਨਹੀਂ ਹੈ।