ਐਨਸੀਸੀ ਡਾਇਰੈਕਟੋਰੇਟ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ ਬ੍ਰਿਗੇਡੀਅਰ ਸੱਤਿਆ ਨਾਰਾਇਣ ਸਿੰਘ ਅੱਜ ਸੇਵਾਮੁਕਤ ਹੋ ਗਏ। ਇਸ ਮੌਕੇ ਐਨਸੀਸੀ ਡਾਇਰੈਕਟੋਰੇਟ ਦਾ ਚਾਰਜ ਬ੍ਰਿਗੇਡੀਅਰ ਰਾਜੀਵ ਕਪੂਰ ਸੈਨਾ ਮੈਡਲ ਨੂੰ ਸੌਂਪਿਆ ਗਿਆ ਹੈ। ਸੈਨਿਕ ਸਕੂਲ ਕੁੰਜਪੁਰਾ ਤੇ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਦੇ ਹੋਣਹਾਰ ਵਿਦਿਆਰਥੀ ਬ੍ਰਿਗੇਡੀਅਰ ਸੱਤਿਆ ਨਾਰਾਇਣ ਸਿੰਘ ਨੂੰ 14 ਦਸੰਬਰ, 1991 ਨੂੰ ਜੰਮੂ ਕਸ਼ਮੀਰ ਲਾਈਟ ਇਨਫੈਂਟਰੀ ਵਿੱਚ ਕਮਿਸ਼ਨ ਦਿੱਤਾ ਸੀ। ਆਪਣੇ 35 ਸਾਲਾਂ ਦੇ ਸ਼ਾਨਦਾਰ ਕਰੀਅਰ ਦੌਰਾਨ ਉਨ੍ਹਾਂ ਨੇ ਦੇਸ਼ ਭਰ ਵਿੱਚ ਵੱਖ-ਵੱਖ ਅਹੁਦਿਆਂ ’ਤੇ ਸੇਵਾ ਕੀਤੀ ਹੈ ਅਤੇ ਆਪਣੀ ਬਹੁਪੱਖਤਾ ਅਤੇ ਸਮਰਪਣ ਦਾ ਪ੍ਰਦਰਸ਼ਨ ਕੀਤਾ। ਬ੍ਰਿਗੇਡੀਅਰ ਸਿੰਘ ਦੀਆਂ ਪ੍ਰਾਪਤੀਆਂ ਵਿੱਚ 17 ਜੰਮੂ ਅਤੇ ਕਸ਼ਮੀਰ ਲਾਈਟ ਇਨਫੈਂਟਰੀ ਅਤੇ 76 ਇਨਫੈਂਟਰੀ ਬ੍ਰਿਗੇਡਾਂ ਦੀ ਕਮਾਂਡ ਕਰਨਾ ਅਤੇ ਤਿੰਨ ਵਾਰ ਜੀਓਸੀ-ਇਨ-ਸੀ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ।ਨਵੇਂ ਡਿਪਟੀ ਡਾਇਰੈਕਟਰ ਜਨਰਲ ਬ੍ਰਿਗੇਡੀਅਰ ਰਾਜੀਵ ਕਪੂਰ ਨੇ ਅਪਰੇਸ਼ਨ ਗਲਵਾਨ ਦੌਰਾਨ ਲੱਦਾਖ ਵਿੱਚ ਇੱਕ ਇਨਫੈਂਟਰੀ ਬ੍ਰਿਗੇਡ ਅਤੇ ਜੋਰਹਾਟ ਵਿੱਚ ਐੱਨਸੀਸੀ ਗਰੁੱਪ ਹੈੱਡਕੁਆਰਟਰ ਦੀ ਕਮਾਂਡ ਕੀਤੀ। ਸੇਵਾਮੁਕਤ ਤੇ ਨਵ-ਨਿਯੁਕਤ ਅਧਿਕਾਰੀਆਂ ਨੇ ਇੱਕ-ਦੂਜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਐੱਨਸੀਸੀ ਸਟਾਫ ਨੇ ਬ੍ਰਿਗੇਡੀਅਰ ਸਿੰਘ ਦੀ ਵਚਨਬੱਧਤਾ ਅਤੇ ਸਮਰਪਣ ਦੀ ਸ਼ਲਾਘਾ ਕੀਤੀ ਅਤੇ ਬ੍ਰਿਗੇਡੀਅਰ ਕਪੂਰ ਦੀ ਅਗਵਾਈ ਦਾ ਸਵਾਗਤ ਕੀਤਾ।