ਬਨੂੜ ਨਹਿਰ ਵਿੱਚ ਪਾੜ ਪਿਆ; ਫ਼ਸਲਾਂ ਦਾ ਨੁਕਸਾਨ
ਕਰਮਜੀਤ ਸਿੰਘ ਚਿੱਲਾ
ਬਨੂੜ, 6 ਜੁਲਾਈ
ਘੱਗਰ ਦਰਿਆ ਵਿੱਚੋਂ ਛੱਤ ਬੀੜ ਨੇੜੇ ਬੰਨ੍ਹ ਲਗਾ ਕੇ ਬਨੂੜ ਅਤੇ ਰਾਜਪੁਰਾ ਖੇਤਰ ਦੇ ਪੰਜ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਨੂੰ ਖੇਤੀਬਾੜੀ ਲਈ ਪਾਣੀ ਮੁਹੱਈਆ ਕਰਾਉਣ ਵਾਲੀ ਬਨੂੜ ਨਹਿਰ ਵਿੱਚ ਅੱਜ ਸਵੇਰੇ ਬਨੂੜ ਨੇੜੇ ਵੱਡਾ ਪਾੜ ਪੈ ਗਿਆ। ਪਾੜ ਕਾਰਨ ਨਹਿਰ ਵਿੱਚ ਚੱਲਦਾ ਸਮੁੱਚਾ ਪਾਣੀ ਕਿਸਾਨਾਂ ਦੇ ਖੇਤਾਂ ਵੱਲ ਵਹਿਣ ਲੱਗ ਪਿਆ ਤੇ ਖੇਤਾਂ ਵਿਚ ਪਾਣੀ ਭਰ ਗਿਆ ਤੇ ਫ਼ਸਲ ਡੁੱਬ ਗਈ। ਜ਼ਿਆਦਾ ਨੁਕਸਾਨ ਪਸ਼ੂਆਂ ਦੇ ਚਾਰੇ ਦਾ ਹੋਇਆ, ਜੋ ਪਾਣੀ ਦੇ ਤੇਜ਼ ਵਹਾਅ ਕਾਰਨ ਧਰਤੀ ’ਤੇ ਵਿਛ ਗਿਆ। ਕਿਸਾਨਾਂ ਗੁਰਜਿੰਦਰ ਸਿੰਘ, ਸੁਖਵਿੰਦਰ ਸਿੰਘ, ਗਗਨਦੀਪ ਸਿੰਘ, ਦਲਜਿੰਦਰ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਨਹਿਰ ਵਿੱਚ ਪਾੜ ਪੈ ਜਾਣ ਕਾਰਨ ਝੋਨੇ ਦੀ ਪਨੀਰੀ ਵੀ ਪਾਣੀ ਵਿੱਚ ਡੁੱਬ ਗਈ ਹੈ ਅਤੇ ਪਸ਼ੂਆਂ ਦਾ ਚਾਰਾ ਵੀ ਖਰਾਬ ਹੋ ਗਿਆ। ਕਿਸਾਨਾਂ ਨੇ ਦੱਸਿਆ ਕਿ ਸਿੰਜਾਈ ਵਿਭਾਗ ਦੀ ਅਣਗਹਿਲੀ ਕਾਰਨ ਨਹਿਰ ਟੁੱਟੀ। ਉਨ੍ਹਾਂ ਕਿਹਾ ਕਿ ਜਦੋ ਬਰਸਾਤ ਹੋ ਰਹੀ ਸੀ, ਉਸ ਤੋਂ ਪਹਿਲਾਂ ਨਹਿਰ ਉਪਰ ਤਕ ਭਰ ਕੇ ਚਲ ਰਹੀ ਸੀ ਅਤੇ ਕੰਢਿਆਂ ਤੋਂ ਪਾਣੀ ਰਿਸਣ ਮਗਰੋਂ ਪਾੜ ਪੈ ਗਿਆ।
ਕਿਸਾਨਾਂ ਨੇ ਕਿਹਾ ਕਿ ਘੱਗਰ ਵਿੱਚ ਡੈਮ ’ਤੇ 24 ਘੰਟੇ ਮੁਲਾਜ਼ਮ ਤਾਇਨਾਤ ਰਹਿੰਦੇ ਹਨ, ਜੇ ਬਨੂੜ ਖੇਤਰ ਵਿਚ ਬਾਰਿਸ਼ ਨੂੰ ਵੇਖਦਿਆਂ ਪਾਣੀ ਘੱਟ ਕਰ ਦਿੱਤਾ ਜਾਂਦਾ ਤਾਂ ਨਹਿਰ ਟੁੱਟਣੋਂ ਬਚ ਸਕਦੀ ਸੀ ਤੇ ਕਿਸਾਨਾਂ ਦੀ ਫ਼ਸਲਾਂ ਦਾ ਵੀ ਨੁਕਸਾਨ ਨਾ ਹੁੰਦਾ। ਕਿਸਾਨਾਂ ਨੇ ਵਿਸ਼ੇਸ ਗਿਰਦਾਵਰੀ ਕਰਾ ਕੇ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਬਰਸਾਤੀ ਪਾਣੀ ਕਾਰਨ ਟੁੱਟੀ ਨਹਿਰ: ਐੱਸਡੀਓ
ਸਿੰਜਾਈ ਵਿਭਾਗ ਦੇ ਐਸਡੀਓ ਯੁਵਰਾਜ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਮੰਗ ’ਤੇ ਨਹਿਰ ਭਰਕੇ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਛੱਤਬੀੜ ਨੇੜੇ ਨਹਿਰ ਨੀਵੀਂ ਹੋਣ ਕਾਰਨ ਉਥੋਂ ਖੇਤਾਂ ਦਾ ਬਰਸਾਤੀ ਪਾਣੀ ਪੈ ਨਹਿਰ ਵਿਚ ਪੈ ਗਿਆ, ਜਿਸ ਕਾਰਨ ਨਹਿਰ ਓਵਰ ਫਲੋਅ ਹੋਣ ਕਾਰਨ ਟੁੱਟ ਗਈ। ਉਨ੍ਹਾਂ ਕਿਹਾ ਕਿ ਨਹਿਰ ਪੂਰਨ ਲਈ ਮੁਲਾਜ਼ਮਾਂ ਨੂੰ ਲਾ ਦਿੱਤਾ ਹੈ ਅਤੇ ਭਲਕ ਤੱਕ ਪਾੜ ਪੂਰ ਕੇ ਪਾਣੀ ਦੁਬਾਰਾ ਛੱਡ ਦਿੱਤਾ ਜਾਵੇਗਾ। ਸਿੰਜਾਈ ਵਿਭਾਗ ਦੇ ਜ਼ਿਲ੍ਹੇਦਾਰ ਗੁਰਸ਼ਰਨਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਹੋਏ ਨੁਕਸਾਨ ਬਾਰੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਾ ਦਿੱਤਾ ਹੈ।