ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਇੱਥੋਂ ਦੇ ਫੇਜ਼ ਗਿਆਰਾਂ ਦੇ ਵਸਨੀਕਾਂ ਨੂੰ ਲੰਮੇ ਸਮੇਂ ਤੋਂ ਬਰਸਾਤੀ ਪਾਣੀ ਦੇ ਸੰਤਾਪ ਤੋਂ ਛੁਟਕਾਰਾ ਦਿਵਾਉਣ ਲਈ ਪਾਈ ਜਾ ਰਹੀ ਪਾਈਪ ਲਾਈਨ ਦਾ ਨਿਰੀਖ਼ਣ ਕੀਤਾ। ਫੇਜ਼ ਗਿਆਰਾਂ ਦੇ ਪੈਟਰੋਲ ਪੰਪ ਤੋਂ ਲੈ ਕੇ ਮੁਹਾਲੀ ਗੋਲਫ਼ ਰੇਂਜ ਤੱਕ ਤਕਰਬੀਨ 750 ਮੀਟਰ ਲੰਮੀ ਪਾਈਪ ਲਾਈਨ 1400 ਐਮਐਮ ਦੇ ਆਰਸੀਸੀ ਪਾਈਪਾਂ ਨਾਲ ਵਿਛਾਈ ਜਾ ਰਹੀ ਹੈ, ਜਿਸ ’ਤੇ ਦੋ ਕਰੋੜ ਪੰਜ ਲੱਖ ਦੀ ਰਾਸ਼ੀ ਖਰਚ ਹੋਣੀ ਹੈ। ਇਹ ਸਾਰਾ ਕੰਮ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਕਰਾਇਆ ਜਾ ਰਿਹਾ ਹੈ।ਕੈਬਨਿਟ ਮੰਤਰੀ ਵੱਲੋਂ ਸਮੁੱਚੇ ਪ੍ਰਾਜੈਕਟ ਬਾਰੇ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਰਹਿੰਦੇ ਕੰਮ ਨੂੰ 45 ਦਿਨਾਂ ਦੇ ਅੰਦਰ-ਅੰਦਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਸਮੁੱਚੇ ਕੰਮ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ ਸੰਨੀ ਆਹਲੂਵਾਲੀਆ ਅਤੇ ਮਾਰਕੀਟ ਕਮੇਟੀ ਮੁਹਾਲੀ ਦੇ ਚੇਅਰਮੈਨ ਰਵਿੰਦਰ ਮਿੱਤਲ ਅਤੇ ਏਜੀ ਦਫ਼ਤਰ ਪੰਜਾਬ ਤੋਂ ਧਰਮਿੰਦਰ ਸਿੰਘ ਲਾਂਬਾ ਵੀ ਹਾਜ਼ਰ ਸਨ।ਮੁੰਡੀਆਂ ਅਤੇ ਡਾ. ਸੰਨੀ ਆਹਲੂਵਾਲੀਆ ਨੇ ਦੱਸਿਆ ਕਿ ਇਸ ਪ੍ਰਜੈਕਟ ਦੇ ਪੂਰਾ ਹੋਣ ਨਾਲ ਮੁਹਾਲੀ ਦੇ ਫੇਜ਼ ਗਿਆਰਾਂ ਦੇ ਐਲਆਈਜੀ ਅਤੇ ਐਮਆਈਜੀ ਮਕਾਨ ਪੂਰੀ ਤਰ੍ਹਾਂ ਬਰਸਾਤੀ ਪਾਣੀ ਦੇ ਪ੍ਰਭਾਵ ਤੋਂ ਮੁਕਤ ਹੋ ਜਾਣਗੇ। ਇਸ ਮੌਕੇ ਪਾਰਟੀ ਦੀ ਮਹਿਲਾ ਵਿੰਗ ਦੀ ਆਗੂ ਸਵਰਨਾ ਲਤਾ, ਤਰਨਜੀਤ ਸਿੰਘ ਪੱਪੂ, ਗੱਜਣ ਸਿੰਘ, ਕੈਪਟਨ ਕਰਨੈਲ ਸਿੰਘ ਤੋਂ ਇਲਾਵਾ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।