ਨਾਟ-ਕਲਾ ਦੀ ਵਿਰਾਸਤ ਨੂੰ ਸਮਰਪਿਤ ਪੁਸਤਕਾਂ ਰਿਲੀਜ਼
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਵਿੱਚ ਕਰਵਾਏ ਸਮਾਗਮ ਵਿੱਚ ਉੱਘੇ ਨਾਟਕਕਾਰ ਚਰਨ ਸਿੰਘ ਸਿੰਧਰਾ ਵੱਲੋਂ ਲਿਖੇ ਨਾਟਕ ‘ਸਚ ਕੀ ਬੇਲਾ’ ਅਤੇ ਉਨ੍ਹਾਂ ਦੇ ਪੋਤਰੇ ਪਦਮ ਸਿੰਧਰਾ ਵੱਲੋਂ ਰਚਿਤ ਨਾਟਕ ‘ਜੇ ਆਸ਼ਕ ਮਿਲ ਜਾਂਦੇ’ ਦਾ ਲੋਕ ਅਰਪਣ ਅਤੇ...
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਵਿੱਚ ਕਰਵਾਏ ਸਮਾਗਮ ਵਿੱਚ ਉੱਘੇ ਨਾਟਕਕਾਰ ਚਰਨ ਸਿੰਘ ਸਿੰਧਰਾ ਵੱਲੋਂ ਲਿਖੇ ਨਾਟਕ ‘ਸਚ ਕੀ ਬੇਲਾ’ ਅਤੇ ਉਨ੍ਹਾਂ ਦੇ ਪੋਤਰੇ ਪਦਮ ਸਿੰਧਰਾ ਵੱਲੋਂ ਰਚਿਤ ਨਾਟਕ ‘ਜੇ ਆਸ਼ਕ ਮਿਲ ਜਾਂਦੇ’ ਦਾ ਲੋਕ ਅਰਪਣ ਅਤੇ ਵਿਚਾਰ-ਚਰਚਾ ਸਮਾਰੋਹ ਹੋਇਆ। ਦੋਵਾਂ ਲੇਖਕਾਂ ਅਤੇ ਪੁਸਤਕਾਂ ਬਾਰੇ ਬੋਲਦਿਆਂ ਨਾਟਕਕਾਰ ਅਤੇ ਲੇਖਕ ਬਲਕਾਰ ਸਿੱਧੂ ਨੇ ਕਿਹਾ ਕਿ ਮਰਹੂਮ ਚਰਨ ਸਿੰਘ ਸਿੰਧਰਾ ਰੰਗਮੰਚੀ ਕਲਾਵਾਂ, ਪੰਜਾਬੀ ਸਾਹਿਤਕਾਰੀ ਅਤੇ ਪੰਜਾਬੀ ਸਿਨੇਮੇ ਦੀ ਵੱਡੀ ਸ਼ਖ਼ਸੀਅਤ ਹੋ ਗੁਜ਼ਰੇ ਹਨ। ਉਨ੍ਹਾਂ ਦੇ ਪੋਤਰੇ ਪਦਮ ਸਿੰਧਰਾ ਨੇ ਵੀ ਉਨ੍ਹਾਂ ਦੇ ਨਕਸ਼ੇ ਕਦਮ ’ਤੇ ਤੁਰਦਿਆਂ ਨਾਟ-ਕਲਾ ਦੀ ਵਿਰਾਸਤ ਨੂੰ ਅੱਗੇ ਲਿਜਾਉਣ ਦਾ ਕੰਮ ਪੂਰੀ ਤਨਦੇਹੀ ਨਾਲ ਕੀਤਾ ਪਰ ਪਿਛਲੇ ਸਾਲ ਪਦਮ ਦੀ ਬੇਵਕਤੀ ਮੌਤ ਨਾਲ ਬਹੁਤ ਵੱਡਾ ਘਾਟਾ ਪੈ ਗਿਆ।
ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਡਾ. ਗੁਰਪ੍ਰੀਤ ਸਿੰਘ ਸਿੰਧਰਾ ਨੇ ਆਪਣੇ ਗ਼ਮ ਨੂੰ ਸਾਕਾਰਾਤਮਕ ਸੇਧ ਦੇ ਕੇ ਆਪਣੇ ਪਿਤਾ ਅਤੇ ਪੁੱਤਰ ਦੀਆਂ ਰਚਨਾਵਾਂ ਛਪਵਾਉਣ ਦਾ ਕਾਰਜ ਨੇਪਰੇ ਚਾੜ੍ਹਿਆ ਹੈ। ਸਭਾ ਦੀ ਸੀਨੀਅਰ ਮੀਤ ਪ੍ਰਧਾਨ ਮਨਜੀਤ ਕੌਰ ਮੀਤ, ਉੱਘੇ ਚਿੰਤਕ, ਲੇਖਕ ਅਤੇ ਅਧਿਆਪਕ ਡਾ. ਕੁਲਦੀਪ ਸਿੰਘ ਦੀਪ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਦੋਵਾਂ ਨਾਟਕਕਾਰਾਂ ਨੂੰ ਸ਼ਰਧਾਂਜਲੀ ਰੂਪ ਵਿੱਚ ਕਰਵਾਇਆ ਗਿਆ ਇਹ ਸਮਾਗਮ ਨਾਟ ਕਲਾ ਦੀ ਪਰੰਪਰਾ ਨੂੰ ਸਮਰਪਿਤ ਹੈ।
ਸਮਾਗਮ ਦੇ ਮੁੱਖ ਮਹਿਮਾਨ ਨਾਟਕਕਾਰ, ਆਲੋਚਕ, ਚਿੰਤਕ, ਅਦਾਕਾਰ, ਅਧਿਆਪਕ ਅਤੇ ਬਾਕਮਾਲ ਸਟੇਜ ਸੰਚਾਲਕ ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਪੰਜਾਬੀ ਨਾਟ ਸੰਸਾਰ ਸਿੰਧਰਾ ਪਰਿਵਾਰ ਦਾ ਹਮੇਸ਼ਾ ਰਿਣੀ ਰਹੇਗਾ। ਅੰਤ ਵਿੱਚ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਪਾਲ ਅਜਨਬੀ ਨੇ ਧੰਨਵਾਦੀ ਸ਼ਬਦ ਕਹੇ।

