DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲਾਪਤਾ ਨੌਜਵਾਨ ਦੀ ਲਾਸ਼ ਰੁੜਕੀ ਹੀਰਾਂ ਦੇ ਟੋਭੇ ’ਚੋਂ ਬਰਾਮਦ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਮੁੱਖ ਸੜਕ ’ਤੇ ਧਰਨਾ
  • fb
  • twitter
  • whatsapp
  • whatsapp
featured-img featured-img
ਰੁੜਕੀ ਹੀਰਾਂ ’ਚ ਲਾਸ਼ ਨੂੰ ਐਂਬੂਲੈਂਸ ਵਿੱਚ ਰਖਵਾਉਂਦੇ ਹੋਏ ਪੁਲੀਸ ਮੁਲਾਜ਼ਮ।
Advertisement

ਸੰਜੀਵ ਬੱਬੀ

ਚਮਕੌਰ ਸਾਹਿਬ, 14 ਫਰਵਰੀ

Advertisement

ਪੁਲੀਸ ਨੇ ਹਫ਼ਤੇ ਤੋਂ ਲਾਪਤਾ ਪਿੰਡ ਬਡਵਾਲੀ ਦੇ ਹਰਵਿੰਦਰ ਸਿੰਘ ਉਰਫ ਬਬਲਾ ਦੀ ਲਾਸ਼ ਪਿੰਡ ਰੁੜਕੀ ਹੀਰਾਂ ਦੇ ਟੋਭੇ ਵਿੱਚੋਂ ਬਰਾਮਦ ਕੀਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਸਿਵਲ ਹਸਪਤਾਲ ਰੂਪਨਗਰ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਪਿੰਡ ਰੁੜਕੀ ਹੀਰਾਂ ਵਿੱਚ ਮੁੱਖ ਸੜਕ ’ਤੇ ਲਗਪਗ ਦੋ ਘੰਟੇ ਧਰਨਾ ਦਿੱਤਾ ਅਤੇ ਪੰਜਾਬ ਸਰਕਾਰ ਤੇ ਪੁਲੀਸ ਵਿਰੁੱਧ ਨਾਅਰੇਬਾਜ਼ੀ ਕੀਤੀ।

ਡੀਐੱਸਪੀ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਪੋਸਟ ਮਾਰਟਮ ਦੀ ਰਿਪੋਰਟ ਮਿਲਣ ਉਪਰੰਤ ਮੁਲਜ਼ਮ ਨੌਜਵਾਨਾਂ ਵਿਰੁੱਧ ਦਰਜ ਕੇਸ ਦੀਆਂ ਧਾਰਾਵਾਂ ਵਿੱਚ ਵਾਧਾ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਹਰਵਿੰਦਰ ਸਿੰਘ ਉਰਫ ਬਬਲਾ ਦੁਬਈ ਤੋਂ ਵਾਪਸ ਆਏ ਆਪਣੇ ਦੋਸਤ ਸਤਨਾਮ ਸਿੰਘ ਨੂੰ ਮਿਲਣ ਲਈ ਚਮਕੌਰ ਸਾਹਿਬ ਵਿਖੇ ਆਇਆ ਸੀ। ਇੱਥੇ ਉਸ ਵੱਲੋਂ ਸਤਨਾਮ ਸਿੰਘ ਤੇ ਉਸ ਦੇ ਭਰਾ ਸਮੇਤ ਦੋ ਹੋਰ ਨੌਜਵਾਨਾਂ ਨਾਲ ਸ਼ਰਾਬ ਪੀਤੀ ਸੀ। ਇਸੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਵਿੱਚ ਤਕਰਾਰ ਹੋ ਗਈ।

ਇਸ ਘਟਨਾ ਦੀ ਵੀਡੀਓ ਫੁਟੇਜ ਪਿੰਡ ਰੁੜਕੀ ਹੀਰਾਂ ਵਿੱਚ ਹੀ ਪੁਲੀਸ ਨੂੰ ਪ੍ਰਾਪਤ ਹੋਈ ਹੈ। ਫੁਟੇਜ ਵਿੱਚ ਹਰਵਿੰਦਰ ਸਿੰਘ ਉਰਫ ਬਬਲਾ ਪਿੰਡ ਰੁੜਕੀ ਹੀਰਾਂ ਦੇ ਟੋਭੇ ਤੱਕ ਜਾਂਦਾ ਦਿਖਾਈ ਦੇ ਰਿਹਾ। ਪੁਲੀਸ ਵੱਲੋਂ ਸ਼ੱਕ ਦੇ ਆਧਾਰ ’ਤੇ ਪਿੰਡ ਰੁੜਕੀ ਹੀਰਾਂ ਦੇ ਟੋਭੇ ਵਿੱਚੋ ਗੰਦੇ ਪਾਣੀ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ ਤਾਂ ਅੱਜ ਡੀਐਸਪੀ ਮਨਜੀਤ ਸਿੰਘ ਔਲਖ ਅਤੇ ਥਾਣਾ ਮੁਖੀ ਰੋਹਿਤ ਸ਼ਰਮਾ ਦੀ ਹਾਜ਼ਰੀ ਵਿੱਚ ਟੋਭੇ ਵਿੱਚੋਂ ਹਰਵਿੰਦਰ ਸਿੰਘ ਉਰਫ ਬਬਲਾ ਦੀ ਲਾਸ਼ ਬਰਾਮਦ ਕੀਤੀ ਗਈ। ਇਸ ਮਾਮਲੇ ਸਬੰਧੀ ਲਾਪਤਾ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਰੋਸ ਧਰਨਾ ਦਿੱਤਾ। ਇਸ ਮਗਰੋਂ ਪੁਲੀਸ ਵੱਲੋਂ ਸਤਨਾਮ ਸਿੰਘ ਅਤੇ ਸਾਥੀਆਂ ਵਿਰੁੱਧ ਅਗਵਾ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹ ਚਾਰ ਦਿਨ ਦੇ ਪੁਲੀਸ ਰਿਮਾਂਡ ’ਤੇ ਹਨ।

ਪੁਲੀਸ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਰੂਪਨਗਰ ਭੇਜਿਆ ਗਿਆ ਅਤੇ ਉਸ ਦੀ ਰਿਪੋਰਟ ਮਿਲਣ ਉਪਰੰਤ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਤੋਂ ਹੀ ਦਰਜ ਕੇਸ ਵਿੱਚ ਹੋਰ ਧਾਰਾਵਾਂ ਜੋੜੀਆਂ ਜਾਣਗੀਆਂ।

ਕਈ ਦਿਨਾਂ ਤੋਂ ਲਾਪਤਾ ਨੌਜਵਾਨ ਦਾ ਨਹੀਂ ਲੱਭਿਆ ਸੁਰਾਗ਼

ਰੂਪਨਗਰ (ਜਗਮੋਹਨ ਿਸੰਘ): ਕਈ ਦਿਨਾਂ ਤੋਂ ਲਾਪਤਾ ਰੂਪਨਗਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇੜੇ ਰਹਿਣ ਵਾਲੇ 18 ਸਾਲਾ ਨੌਜਵਾਨ ਹਾਲੇ ਤੱਕ ਕੋਈ ਸੁਰਾਗ਼ ਨਹੀਂ ਮਿਲਿਆ। ਰੋਸ਼ਨ ਕੁਮਾਰ 9 ਫਰਵਰੀ ਤੋਂ ਲਾਪਤਾ ਹੈ। ਉਸ ਦੇ ਪਿਤਾ ਮਨੋਜ ਕੁਮਾਰ ਯਾਦਵ ਨੇ ਦੱਸਿਆ ਕਿ ਉਸ ਦਾ ਲੜਕਾ ਰੋਸ਼ਨ ਕੁਮਾਰ ਜੋ ਕਿ ਟਾਈਲਾਂ ਦਾ ਕੰਮ ਕਰਦਾ ਸੀ, 9 ਫਰਵਰੀ ਨੂੰ ਸ਼ਾਮ ਵੇਲੇ ਘਰੋਂ ਦੁੱਧ ਲੈਣ ਗਿਆ ਸੀ, ਪਰ ਹਾਲੇ ਤੱਕ ਘਰ ਨਹੀਂ ਪਰਤਿਆ। ਇਸ ਸਬੰਧੀ ਐੱਸਐੱਚਓ ਸਿਟੀ ਪਵਨ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਕੇ ਨੌਜਵਾਨ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਸਬੰਧੀ ਕਿਸੇ ਨੂੰ ਕੋਈ ਇਤਲਾਹ ਮਿਲਦੀ ਹੈ ਤਾਂ ਮੋਬਾਈਲ ਨੰਬਰ 94651-69700 ’ਤੇ ਸੂਚਨਾ ਦਿੱਤੀ ਜਾ ਸਕਦੀ ਹੈ।

ਬਲੌਂਗੀ ਦਾ ਨੌਜਵਾਨ ਭੇਤ-ਭਰੀ ਹਾਲਤ ’ਚ ਲਾਪਤਾ

ਐੱਸਏਐੱਸ ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਮੁਹਾਲੀ ਦੀ ਜੂਹ ਵਸਦੇ ਪਿੰਡ ਬਲੌਂਗੀ ਦਾ ਨੌਜਵਾਨ ਮੋਹਿਤ ਕੁਮਾਰ (27) ਪਿਛਲੇ ਚਾਰ ਦਿਨਾਂ ਤੋਂ ਭੇਤ-ਭਰੀ ਹਾਲਤ ਵਿੱਚ ਲਾਪਤਾ ਹੈ। ਇਸ ਸਬੰਧੀ ਉਸਦੇ ਭਰਾ ਰੋਹਿਤ ਰਾਜੂ ਨੇ ਦੱਸਿਆ ਕਿ ਮੋਹਿਤ ਕੁਮਾਰ ਬੀਤੀ 10 ਫਰਵਰੀ ਨੂੰ ਘਰ ਤੋਂ ਕਿਸੇ ਕੰਮ ਲਈ ਆਪਣੇ ਸਾਂਢੂ ਨੂੰ ਮਿਲਣ ਲਈ ਅੰਬਾਲਾ ਜਾਣ ਲਈ ਨਿਕਲਿਆ ਸੀ ਪਰ ਜਦੋਂ ਦੇਰ ਰਾਤ ਮੋਹਿਤ ਦੀ ਪਤਨੀ ਸੀਮਾ ਦੇਵੀ ਨੇ ਆਪਣੀ ਭੈਣ ਨੂੰ ਫੋਨ ਕਰਕੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਅੰਬਾਲਾ ਪੁੱਜਿਆ ਹੀ ਨਹੀਂ। ਸੀਮਾ ਦੇਵੀ ਨੇ ਦੱਸਿਆ ਕਿ ਮੋਹਿਤ ਆਪਣਾ ਮੋਬਾਈਲ ਫੋਨ ਘਰ ਹੀ ਛੱਡ ਗਿਆ ਸੀ। ਉਸਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੱਚੇ ਹਨ। ਸੀਮਾ ਦੇਵੀ ਨੇ ਆਪਣੇ ਪਤੀ ਮੋਹਿਤ ਕੁਮਾਰ ਦੀ ਗੁੰਮਸ਼ੁਦਗੀ ਸਬੰਧੀ ਬਲੌਂਗੀ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਗਈ ਹੈ। ਬਲੌਂਗੀ ਪੁਲੀਸ ਨੇ ਮੋਹਿਤ ਕੁਮਾਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Advertisement
×