ਲਾਲੜੂ ਪਿੰਡ ਨੇੜਿਉਂ ਲੰਘਦੀ ਝਰਮਲ ਨਦੀ ਦੀ ਲਪੇਟ ਵਿੱਚ ਆ ਜਾਣ ਕਾਰਨ ਬੀਤੇ ਕੱਲ੍ਹ ਇੱਕ 65 ਸਾਲਾ ਵਿਅਕਤੀ ਰੁੜ੍ਹ ਗਿਆ ਸੀ, ਜਿਸ ਦੀ ਲਾਸ਼ ਅੱਜ ਸਵੇਰੇ ਪਰਿਵਾਰ ਦੇ ਮੈਂਬਰਾਂ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਨਦੀ ਵਿੱਚੋਂ ਬਾਹਰ ਕੱਢੀ ਗਈ। ਪਰਿਵਾਰ ਦੇ ਮੈਂਬਰਾਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਕੱਲ੍ਹ ਤੋਂ ਕੋਈ ਵੀ ਪ੍ਰਸ਼ਾਸਨ ਤੇ ਸਰਕਾਰ ਦਾ ਨੁਮਾਇੰਦਾ ਉਨ੍ਹਾਂ ਨੂੰ ਪੁੱਛਣ ਤੱਕ ਨਹੀਂ ਆਇਆ ਅਤੇ ਉਹ ਸਾਰੀ ਰਾਤ ਨਦੀ ਵਿੱਚੋਂ ਲਾਸ਼ ਲੱਭਦੇ ਰਹੇ, ਨਾ ਕੋਈ ਕਿਸ਼ਤੀ, ਨਾ ਐਨਡੀਆਰਐਫ ਦੀ ਟੀਮ ਅਤੇ ਨਾ ਕੋਈ ਸਰਕਾਰ ਵੱਲੋਂ ਮਦਦ ਕੀਤੀ ਗਈ।
ਜਾਣਕਾਰੀ ਮੁਤਾਬਕ ਜਨਕ ਸਿੰਘ ਸੈਣੀ ਉਮਰ 65 ਸਾਲ ਪੁੱਤਰ ਮੁਥਰਾ ਰਾਮ ਸੈਣੀ ਵਾਸੀ ਪਿੰਡ ਲਾਲੜੂ ਜੋ ਕੱਲ੍ਹ ਸਵੇਰੇ ਬਲਦ ਤੇ ਰੇਹੜਾ ਲੈ ਕੇ ਨਦੀ ਪਾਰ ਆਪਣੇ ਖੇਤਾਂ ਵਿੱਚ ਪਸ਼ੂਆਂ ਲਈ ਘਾਹ ਲੈਣ ਗਿਆ ਸੀ, ਉਹ ਜਦੋਂ ਵਾਪਸ ਆ ਰਿਹਾ ਸੀ ਤਾਂ ਅਚਾਨਕ ਝਰਮਲ ਨਦੀ ਵਿਚ ਤੇਜ਼ ਰਫਤਾਰ ਪਾਣੀ ਵਿੱਚ ਰੁੜ੍ਹ ਗਿਆ ਜਿਸ ਬਾਰੇ ਨੇੜੇ ਹੀ ਕੰਮ ਕਰਦੇ ਕੁਝ ਕਿਸਾਨਾਂ ਨੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਜਿਨ੍ਹਾਂ ਨੇ ਆ ਕੇ ਰੇਹੜਾ ਤੇ ਬਲਦ ਪਾਣੀ ਵਿੱਚੋਂ ਕੱਢਿਆ ਪਰ ਉਕਤ ਵਿਅਕਤੀ ਬਾਰੇ ਕੁੱਝ ਵੀ ਪਤਾ ਨਹੀਂ ਲੱਗਾ। ਉਸ ਦੇ ਪੁੱਤਰ ਰਾਕੇਸ਼ ਕੁਮਾਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਸਾਰੀ ਰਾਤ ਨਦੀ ਦੇ ਪਾਣੀ ਵਿੱਚ ਲਾਸ਼ ਲੱਭਦੇ ਰਹੇ, ਜੋ ਅੱਜ ਸਵੇਰੇ ਮਿਲੀ ਹੈ। ਸਰਕਾਰ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ, ਇਥੋਂ ਤੱਕ ਕਿ ਲਾਸ਼ ਨੂੰ ਸਿਵਲ ਹਸਪਤਾਲ ਡੇਰਾਬਸੀ ਲਿਜਾਣ ਲਈ ਕੋਈ ਐਂਬੂਲੈਂਸ ਤੱਕ ਵੀ ਸਰਕਾਰੀ ਨਹੀਂ ਮਿਲੀ। ਪ੍ਰਾਈਵੇਟ ਗੱਡੀ ਵਿੱਚ ਲਾਸ਼ ਨੂੰ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਲਿਜਾਇਆ ਗਿਆ। ਜਦ ਕਿ ਉਨ੍ਹਾਂ ਨੇ ਕੱਲ੍ਹ ਹੀ ਸਥਾਨਕ ਪੁਲੀਸ ਅਤੇ ਹੋਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਸੀ।
ਇਸ ਮੌਕੇ ਪੁੱਜੇ ਸਾਬਕਾ ਵਿਧਾਇਕ ਤੇ ਅਕਾਲੀ ਆਗੂ ਐਨ ਕੇ ਸ਼ਰਮਾ ਨੇ ਸਰਕਾਰ ਦੇ ਪ੍ਰਬੰਧਾਂ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਕਿ ਵਿਅਕਤੀ ਦੇ ਡੁੱਬ ਜਾਣ ਤੋਂ ਬਾਅਦ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਕੋਈ ਵੀ ਪੁਖਤਾ ਇੰਤਜ਼ਾਮ ਜਾਂ ਕਦਮ ਨਹੀਂ ਚੁੱਕੇ ਅਤੇ ਉਸ ਵੇਲੇ ਕੋਈ ਹੋਰ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਜਦ ਪਰਿਵਾਰ ਵਾਲੇ ਖੁਦ ਨਦੀ ਵਿੱਚ ਵੜ ਕੇ ਲਾਸ਼ ਨੂੰ ਲੱਭ ਰਹੇ ਸਨ।