ਬੀਕੇਯੂ ਲੱਖੋਵਾਲ ਵੱਲੋਂ ਘੱਗਰ ਬੰਨ੍ਹ ਦੀ ਕਾਰ ਸੇਵਾ ਸ਼ੁਰੂ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬਲਾਕ ਡੇਰਾਬਸੀ ਵੱਲੋਂ ਪਿੰਡ ਟਿਵਾਣਾ ਨੇੜੇ ਘੱਗਰ ਦਰਿਆ ਦੇ ਬੰਨ੍ਹ ਉੱਤੇ ਪਏ ਪਾੜ ਨੂੰ ਪੂਰਾ ਕਰਨ ਲਈ ਕਾਰ ਸੇਵਾ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਕਾਰ ਸੇਵਾ ਦੀ ਅਗਵਾਈ ਸੂਬਾ ਕਾਰਜਕਾਰਨੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਨੇ ਕੀਤੀ। ਕੰਮ ਦੀ ਸ਼ੁਰੂਆਤ ਧਾਰਮਿਕ, ਸਮਾਜ ਸੇਵੀ ਜਥੇਬੰਦੀਆਂ ਅਤੇ ਇਲਾਕਾ ਵਾਸੀਆਂ ਦੇ ਸਾਥ ਨਾਲ ਹੋਈ।
ਇਸ ਮੌਕੇ ਬੀਕੇਯੂ ( ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਖ਼ਾਸ ਤੌਰ ’ਤੇ ਬੰਨ੍ਹ ਸਥਾਨ ਉੱਤੇ ਪਹੁੰਚੇ। ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹ ਕਲਾਂ ਅਤੇ ਉਨ੍ਹਾਂ ਦੀ ਟੀਮ ਵੀ ਹਾਜ਼ਰ ਸੀ। ਪ੍ਰੋਗਰਾਮ ਦੌਰਾਨ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦਪਿੰਦਰ ਸਿੰਘ ਢਿੱਲੋਂ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਵੀ ਮੌਜੂਦ ਸਨ। ਸ੍ਰੀ ਲੱਖੋਵਾਲ ਨੇ ਮੰਗ ਕੀਤੀ ਕਿ ਸਰਕਾਰ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਸਿੱਧਾ ਕਿਸਾਨਾਂ ਦੇ ਖਾਤਿਆਂ ਵਿੱਚ ਪਾਵੇ, ਜਦਕਿ ਟਿਊਬਵੈੱਲਾਂ, ਕੋਠਿਆਂ ਅਤੇ ਮਿੱਟੀ ਹੜਣ ਨਾਲ ਹੋਏ ਨੁਕਸਾਨ ਦੀ ਭਰਪਾਈ ਵਾਸਤੇ ਵੱਖਰਾ ਮੁਆਵਜ਼ਾ ਦਿੱਤਾ ਜਾਵੇ।
ਇਸ ਮੌਕੇ ਦਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਸਮਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨਾਂ ਦੇ ਨਾਲ ਖੜ੍ਹਨ ਦਾ ਹੈ। ਉਨ੍ਹਾਂ ਜਥੇਬੰਦੀ ਦੀਆਂ ਮੰਗਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਵਾਇਆ। ਕਾਰ ਸੇਵਾ ਦੌਰਾਨ ਦਵਿੰਦਰ ਸਿੰਘ ਦੇਹ ਕਲਾਂ ਤੇ ਉਨ੍ਹਾਂ ਦੀ ਟੀਮ ਵੱਲੋਂ ਇਕ ਲੱਖ ਰੁਪਏ ਅਤੇ ਮਾਸਟਰ ਗੁਰਚਰਨ ਸਿੰਘ ਤੋਗਾਪੁਰ ਵੱਲੋਂ ਇਕ ਲੱਖ ਰੁਪਏ ਦਾ ਯੋਗਦਾਨ ਦਿੱਤਾ ਗਿਆ। ਇਸ ਮੌਕੇ ਰਣਜੀਤ ਸਿੰਘ ਰਾਣਾ, ਬਖਸ਼ੀਸ਼ ਸਿੰਘ ਭੱਟੀ, ਮਨਜੀਤ ਸਿੰਘ ਸਰਸੀਣੀ, ਜਥੇਦਾਰ ਜਗਤਾਰ ਸਿੰਘ, ਭਜਨ ਸਿੰਘ ਖਜੂਰ ਮੰਡੀ, ਕਾਕਾ ਸਿੰਘ ਸਰਸੀਣੀ, ਜਸਮੀਤ ਸਿੰਘ, ਦਲਵੀਰ ਸਿੰਘ ਡੰਗਡੈਹਰਾ ਸਣੇ ਸੈਂਕੜੇ ਕਿਸਾਨ ਹਾਜ਼ਰ ਸਨ।