DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਂਗਰਸ ਖ਼ਿਲਾਫ਼ ਸੜਕਾਂ ’ਤੇ ਉੱਤਰੇ ਭਾਜਪਾ ਵਰਕਰ

ਆਤਿਸ਼ ਗੁਪਤਾ ਚੰਡੀਗੜ੍ਹ, 9 ਦਸੰਬਰ ਚੰਡੀਗੜ੍ਹ ਭਾਜਪਾ ਨੇ ਝਾਰਖੰਡ ’ਚ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਦੇ ਘਰੋਂ ਆਮਦਨ ਕਰ ਵਿਭਾਗ ਵੱਲੋਂ 250 ਕਰੋੜ ਰੁਪਏ ਤੋਂ ਵੱਧ ਦਾ ਕਾਲਾ ਧਨ ਬਰਾਮਦ ਕੀਤੇ ਜਾਣ ’ਤੇ ਸੈਕਟਰ-17 ਵਿੱਚ ਕਾਲੇ ਧਨ ਦੇ...
  • fb
  • twitter
  • whatsapp
  • whatsapp
featured-img featured-img
ਚੰਡੀਗੜ੍ਹ ਦੇ ਸੈਕਟਰ-17 ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਆਗੂ।
Advertisement

ਆਤਿਸ਼ ਗੁਪਤਾ

ਚੰਡੀਗੜ੍ਹ, 9 ਦਸੰਬਰ

Advertisement

ਚੰਡੀਗੜ੍ਹ ਭਾਜਪਾ ਨੇ ਝਾਰਖੰਡ ’ਚ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਦੇ ਘਰੋਂ ਆਮਦਨ ਕਰ ਵਿਭਾਗ ਵੱਲੋਂ 250 ਕਰੋੜ ਰੁਪਏ ਤੋਂ ਵੱਧ ਦਾ ਕਾਲਾ ਧਨ ਬਰਾਮਦ ਕੀਤੇ ਜਾਣ ’ਤੇ ਸੈਕਟਰ-17 ਵਿੱਚ ਕਾਲੇ ਧਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਭਾਜਪਾ ਆਗੂਆਂ ਨੇ ਕਾਂਗਰਸ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਾਂਗਰਸ ਦਾ ਪੁਤਲਾ ਸਾੜਿਆ ਗਿਆ।

ਸ੍ਰੀ ਮਲਹੋਤਰਾ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਭ੍ਰਿਸ਼ਟਾਚਾਰ ਨੂੰ ਹੱਲਾਸ਼ੇਰੀ ਦਿੰਦੀ ਰਹੀ ਹੈ, ਜਦੋਂਕਿ ਮੋਦੀ ਸਰਕਾਰ ਵੱਲੋਂ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਦੇਸ਼ ਵਿੱਚ ਜਦੋਂ ਵੀ ਭ੍ਰਿਸ਼ਟਾਚਾਰ ਨਾਲ ਜੁੜਿਆ ਕੋਈ ਮੁੱਦਾ ਸਾਹਮਣੇ ਆਵੇਗਾ ਤਾਂ ਮੋਦੀ ਸਰਕਾਰ ਵੱਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੇ ਦੇਸ਼ ਨੂੰ ਖੋਖਲਾ ਕਰ ਦਿੱਤਾ ਹੈ। ਇਸ ਦੇ ਉਲਟ ਮੋਦੀ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਦੀ ਸਹੁੰ ਖਾਦੀ ਹੈ। ਦੇਸ਼ ਦੇ ਸਾਰੇ ਭ੍ਰਿਸ਼ਟ ਲੋਕਾਂ ਨੂੰ ਗ੍ਰਿਫਤਾਰ ਕਰਕੇ ਦੇਸ਼ ਦੀ ਦੌਲਤ ਵਾਪਸ ਕੀਤੀ ਜਾ ਰਹੀ ਹੈ। ਕਾਂਗਰਸ ਦਾ ਭ੍ਰਿਸ਼ਟਾਚਾਰ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਫੈਲ੍ਹਿਆ ਹੋਇਆ ਹੈ। ਕਾਂਗਰਸ ਪਾਰਟੀ ਨੂੰ ਦੇਸ਼ ਦੇ ਵਿਕਾਸ ਦੀ ਚਿੰਤਾ ਨਹੀਂ ਹੈ, ਸਿਰਫ ਇਕ ਪਰਿਵਾਰ ਦੇ ਵਿਕਾਸ ਦੀ ਚਿੰਤਾ ਹੈ। ਕਾਂਗਰਸ ਦੇ ਭ੍ਰਿਸ਼ਟ ਸੰਸਦ ਮੈਂਬਰ ਦਾ ਕਾਲਾ ਧਨ ਗਿਣਦਿਆਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਥੱਕ ਗਈਆਂ। ਇਸ ਮੌਕੇ ਕਾਂਗਰਸ ਦੇ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਦਾ ਲਘੂ ਨਾਟਕ ਵੀ ਪੇਸ਼ ਕੀਤਾ ਗਿਆ।

ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਕੋਲੋ ਰੇਡ ਪੈਣ ’ਤੇ 300 ਕਰੋੜ ਤੋਂ ਜ਼ਿਆਦਾ ਦੀ ਨਗਦੀ ਫੜ੍ਹੀ ਜਾਣ ਦੇ ਮਾਮਲੇ ਨੂੰ ਲੈ ਕੇ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਨੇ ਅੱਜ ਭੱਟੀ ਚੌਕ ਵਿੱਚ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਕਾਂਗਰਸ ਅਤੇ ਇੰਡੀਆ ਅਲਾਇੰਸ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਪੂਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਸਾਹੂ ਕੋਲੋਂ ਮਿਲੀ ਵੱਡੀ ਮਾਤਰਾ ਵਿੱਚ ਨਗਦੀ ਨੇ ਸਾਬਤ ਕਰ ਦਿਤਾ ਕਿ ਕਾਂਗਰਸ ਪਾਰਟੀ ਨੂੰ ਦੇਸ਼ ਦੇ ਹਿੱਤਾਂ ਨਾਲ ਕੋਈ ਪਿਆਰ ਨਹੀਂ ਸਗੋਂ ਆਪਣੀਆਂ ਤਜੌਰੀਆਂ ਭਰਨ ਨੂੰ ਹੀ ਇਸ ਦੇ ਨੇਤਾ ਤਰਜੀਹ ਦਿੰਦੇ ਹਨ।

ਭਾਜਪਾ ਲੋਕਾਂ ਨੂੰ ਗੁਮਰਾਹ ਕਰਨ ਲੱਗੀ: ਰਾਜੀਵ ਸ਼ਰਮਾ

ਚੰਡੀਗੜ੍ਹ ਕਾਂਗਰਸ ਦੇ ਬੁਲਾਰੇ ਰਾਜੀਵ ਸ਼ਰਮਾ ਨੇ ਭਾਜਪਾ ਵੱਲੋਂ ਸੈਕਟਰ-17 ’ਚ ਕੀਤੇ ਪ੍ਰਦਰਸ਼ਨ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਜਪਾ ਲੋਕਾਂ ਨੂੰ ਗੁਮਰਾਹ ਕਰਨ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਸੰਸਦ ਮੈਂਬਰ ਤੋਂ ਫੜੇ ਗਏ ਰੁਪਏ ਦੀ ਜਾਂਚ ਕੀਤੇ ਬਿਨਾਂ ਵਧਾ ਚੜਾ ਕੇ ਉਛਾਲਣਾ ਗਲਤ ਹੈ। ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਭਾਜਪਾ ਵੱਲੋਂ ਆਪਣੇ ਪੁੰਜੀਪਤੀ ਦੋਸਤਾਂ ਨੂੰ ਦੇਸ਼ ਦੇ ਕਰੋੜਾਂ ਰੁਪਏ ਲੁੱਟ ਕੇ ਬਾਹਰ ਭੱਜਣ ਜਾਣ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰੀ ਇਮਾਰਤਾਂ ਨੂੰ ਕੁਝ ਦੋਸਤਾਂ ਕੋਲ ਵੇਚਿਆ ਜਾ ਰਿਹਾ ਹੈ। ਹੁਣ ਭਾਜਪਾ ਉਨ੍ਹਾਂ ਗਲਤੀਆਂ ’ਤੇ ਪਰਦਾ ਪਾਉਣ ਲਈ ਬਿਨਾਂ ਜਾਂਚ ਕੀਤੇ ਰਾਜ ਸਭਾ ਮੈਂਬਰ ਕੋਲੋਂ ਹੋਈ ਬਰਾਮਦਗੀ ਨੂੰ ਦੇਸ਼ ’ਚ ਵਧਾ ਚੜਾ ਕੇ ਦਿਖਾ ਰਹੀ ਹੈ।

ਮੁਹਾਲੀ ਵਿੱਚ ਸੰਸਦ ਮੈਂਬਰ ਧੀਰਜ ਸਾਹੂ ਦਾ ਪੁਤਲਾ ਸਾੜਿਆ

ਮੁਹਾਲੀ ਵਿੱਚ ਕਾਂਗਰਸ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਦੇ ਕਾਰਕੁਨ। -ਫੋਟੋ: ਸੋਢੀ

ਐਸ.ਏ.ਐਸ. ਨਗਰ (ਮੁਹਾਲੀ)(ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਹੇਠ ਅੱਜ ਸ਼ਾਮ ਇੱਥੋਂ ਦੇ ਫੇਜ਼-3/5 ਦੇ ਟਰੈਫ਼ਿਕ ਲਾਈਟ ਪੁਆਇੰਟ ’ਤੇ ਕਾਂਗਰਸ ਪਾਰਟੀ ਦੇ ਖ਼ਿਲਾਫ਼ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਧੀਰਜ ਸਾਹੂ (ਜਿਸ ਦੇ ਘਰ ’ਚੋਂ ਇਨਕਮ ਟੈਕਸ ਵਿਭਾਗ ਵੱਲੋਂ 300 ਕਰੋੜ ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਹੈ) ਦਾ ਪੁਤਲਾ ਸਾੜਿਆ ਅਤੇ ਕਾਂਗਰਸ ਆਗੂ ਖ਼ਿਲਾਫ਼ ਰੋਸ ਮਾਰਚ ਕੱਢਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਜਪਾ ਆਗੂ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਕਾਂਗਰਸ ਭ੍ਰਿਸ਼ਟਾਚਾਰ ਦਾ ਦੂਜਾ ਨਾਂ ਹੈ ਅਤੇ ਕਾਂਗਰਸ ਦੇ ਛੋਟੇ ਤੇ ਵੱਡੇ ਆਗੂ ਸਮੇਂ ਸਮੇਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਫੜੇ ਜਾਂਦੇ ਰਹੇ ਹਨ। ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੀ ਕਾਂਗਰਸ ਸਰਕਾਰ ਦੌਰਾਨ ਕਈ ਕਾਂਗਰਸੀ ਮੰਤਰੀਆਂ ਅਤੇ ਆਗੂਆਂ ਨੇ ਰੱਜ ਕੇ ਭ੍ਰਿਸ਼ਟਾਚਾਰ ਕੀਤਾ ਹੈ। ਵਿਜੀਲੈਂਸ ਵੱਲੋਂ ਕਈ ਕਾਂਗਰਸੀ ਮੰਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕਈ ਆਗੂਆਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਪਰਚੇ ਦਰਜ ਹਨ। ਇਹੀ ਨਹੀਂ ਈਡੀ ਨੇ ਵੀ ਕਈ ਆਗੂਆਂ ਖ਼ਿਲਾਫ਼ ਪਰਚੇ ਦਰਜ ਕੀਤੇ ਹਨ।

Advertisement
×