ਸੇਵਾ ਕੈਂਪ ਰੋਕਣ ਖ਼ਿਲਾਫ਼ ਭਾਜਪਾ ਕਾਰਕੁਨਾਂ ਨੇ ਮੁੱਖ ਮੰਤਰੀ ਦੇ ਪੁਤਲੇ ਸਾੜੇ
ਪੰਜਾਬ ਸਰਕਾਰ ਵੱਲੋਂ ਸੇਵਾ ਕੈਂਪਾਂ ਨੂੰ ਰੋਕਣ ਵਿਰੁੱਧ ਭਾਜਪਾ ਵੱਲੋਂ ਮੁਹਾਲੀ ਦੇ ਫ਼ੇਜ਼ 3/5 ਦੀਆਂ ਲਾਈਟਾਂ ਉੱਤੇ ਰੋਸ ਮੁਜ਼ਾਹਰਾ ਕੀਤਾ ਗਿਆ। ਭਾਜਪਾ ਆਗੂਆਂ ਤੇ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਸਾੜਿਆ ਗਿਆ।
ਇਸ ਮੌਕੇ ਭਾਜਪਾ ਪੰਜਾਬ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਜਨਰਲ ਸਕੱਤਰ ਪਰਵਿੰਦਰ ਸਿੰਘ ਬਰਾੜ, ਪੰਜਾਬ ਭਾਜਪਾ ਦੇ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਨੀਤੀਆਂ ’ਤੇ ਸੂਬੇ ਭਰ ਵਿਚ ਲਗਾਏ ਜਾ ਰਹੇ ਸੇਵਾ ਕੈਂਪਾਂ ਨੂੰ ਰੋਕਣ ਦਾ ਸਰਕਾਰ ਦਾ ਫੈਸਲਾ ਨਾਦਰਸ਼ਾਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਹਰ ਤਰ੍ਹਾਂ ਦੀ ਲੜਾਈ ਲੜਨ ਲਈ ਭਾਜਪਾ ਤਿਆਰ ਹੈ। ਇਸ ਮੌਕੇ ਭਾਜਪਾ ਦੀ ਸੀਨੀਅਰ ਆਗੂ ਲਖਵਿੰਦਰ ਕੌਰ ਗਰਚਾ, ਚੰਦਰ ਸ਼ੇਖਰ, ਰਮਨ ਸ਼ੈਲੀ, ਸੰਜੀਵ ਜੋਸ਼ੀ, ਰਾਖੀ ਪਾਠਕ, ਅਨਿਲ ਕੁਮਾਰ, ਜਸਵਿੰਦਰ ਸਿੰਘ, ਮਿਲੀ ਗਰਗ, ਗਗਨ ਸ਼ਰਮਾ, ਹਰਦੀਪ ਬੈਦਵਾਨ, ਯੁਵਕ ਸ਼ਰਮਾ, ਯੁਵਕ ਸ਼ਰਮਾ, ਯੁਵਕ ਕੁਮਾਰ, ਰਮਨ ਸ਼ੈਲੀ ਤੇ ਦੀਪਕ ਪੁਰੀ ਤੋਂ ਇਲਾਵਾ ਭਾਜਪਾ ਵਰਕਰ ਹਾਜ਼ਰ ਸਨ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਕੇਂਦਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਲੋਕਾਂ ਤੱਕ ਨਾ ਪਹੁੰਚਾਉਣ ਅਤੇ ਸੁਵਿਧਾ ਕੈਂਪ ਨਾ ਲੱਗਣ ਦੇਣ ਖ਼ਿਲਾਫ਼ ਭਾਜਪਾ ਮੰਡਲ ਵਰਕਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦਾ ਪੁਤਲਾ ਨਵਾਂ ਗਰਾਉਂ ਵਿੱਚ ਫੂਕਿਆ ਗਿਆ। ਮੰਡਲ ਪ੍ਰਧਾਨ ਜੋਗਿੰਦਰਪਾਲ ਗੁੱਜਰ ਕਾਨੇ ਦਾ ਵਾੜਾ, ਜਨਰਲ ਸੈਕਟਰੀ ਨਰੇਸ਼ ਕੁਮਾਰ ਨਾਡਾ, ਸੈਕਟਰੀ ਸੰਜੀਵ ਗੁਪਤਾ ਤੇ ਚੌਧਰੀ ਬਲਵੀਰ ਬਿੱਲਾ ਨੇ ਦੱਸਿਆ ਕਿ ਨਗਰ ਕੌਂਸਲ ਨਵਾਂ ਗਰਾਉਂ ਦੇ ਦਫ਼ਤਰ ਕੋਲ ਵੱਡੀ ਗਿਣਤੀ ’ਚ ਇਕੱਠੇ ਹੋਏ ਭਾਜਪਾ ਵਰਕਰਾਂ ਨੇ ਗੁਰਦੁਆਰਾ ਬੜ ਸਾਹਿਬ ਕੋਲ ਪੁੱਜ ਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ। ਇਸ ਮੌਕੇ ਸੀਨੀਅਰ ਭਾਜਪਾ ਨੇਤਾ ਚੌਧਰੀ ਅਰਜਨ ਸਿੰਘ ਕਾਂਸਲ, ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਹਲਕਾ ਖਰੜ ਤੋਂ ਕਮਲਦੀਪ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੀਆਂ ਸਕੀਮਾਂ ਪੰਜਾਬ ਦੇ ਲੋਕਾਂ ਤੱਕ ਪਹੁੰਚਾਉਣ ਲਈ ਸੁਵਿਧਾ ਕੈਂਪ ਲੱਗਣੇ ਸਨ, ਜਿਨ੍ਹਾਂ ਸਬੰਧੀ ਪੰਜਾਬ ਸਰਕਾਰ ਵੱਲੋਂ ਰੋਕ ਲਗਾਈ ਜਾ ਰਹੀ ਹੈ, ਜਿਸ ਕਰਕੇ ਪੁਤਲਾ ਫੂਕਿਆ ਗਿਆ ਹੈ। ਇਸ ਮੌਕੇ ਭਾਜਪਾ ਦੇ ਪੱਕੇ ਸਿਪਾਹੀ ਅਖਵਾਉਣ ਵਾਲੇ ਕਈ ਵਿਅਕਤੀ ਗੈਰ-ਹਾਜ਼ਰ ਰਹੇ।
ਸਕੱਤਰੇਤ ਅੱਗੇ ਧਰਨਾ ਦੇਣ ਪੁੱਜੇ ਭਾਜਪਾ ਆਗੂਆਂ ਦੀ ਪੁਲੀਸ ਨਾਲ ਝੜਪ
ਰੂਪਨਗਰ (ਜਗਮੋਹਨ ਸਿੰਘ): ਪੰਜਾਬ ਸਰਕਾਰ ਵੱਲੋਂ ਭਾਜਪਾ ਨੂੰ ਜਨ ਸੁਵਿਧਾ ਕੈਂਪ ਲਗਾਉਣ ਤੋਂ ਰੋਕਣ ਵਿਰੁੱਧ ਅੱਜ ਜ਼ਿਲ੍ਹਾ ਭਾਜਪਾ ਰੂਪਨਗਰ ਨੇ ਮਿਨੀ ਸਕੱਤਰੇਤ ਦੇ ਸਾਹਮਣੇ ਇਸ ਕਾਰਵਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਜਦੋਂ ਭਾਜਪਾ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਅੰਦਰ ਸਕੱਤਰੇਤ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਥਾਣਾ ਸਿਟੀ ਪੁਲੀਸ ਨੇ ਅਜੈਵੀਰ ਸਿੰਘ ਲਾਲਪੁਰਾ, ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਮਨਪ੍ਰੀਤ ਸਿੰਘ ਕਾਬੜਵਾਲ, ਭਾਜਪਾ ਆਗੂਆਂ ਰਮਨ ਜਿੰਦਲ, ਗਗਨ ਗੁਪਤਾ ਅਤੇ ਸੁਰਿੰਦਰ ਸੇਠੀ ਸਮੇਤ ਕਈ ਹੋਰ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਸਿਟੀ ਰੂਪਨਗਰ ਅੰਦਰ ਬੰਦ ਕਰ ਦਿੱਤਾ। ਉਨ੍ਹਾਂ ਨੂੰ ਲਗਭਗ ਪੌਣੇ ਤਿੰਨ ਘੰਟੇ ਬਾਅਦ ਰਿਹਾਅ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀ ਭਾਜਪਾ ਆਗੂ ਅਤੇ ਵਰਕਰ ਸਿਟੀ ਥਾਣੇ ਪਹੁੰਚ ਗਏ ਪਰ ਪੁਲੀਸ ਵੱਲੋਂ ਥਾਣੇ ਦਾ ਗੇਟ ਬੰਦ ਕਰ ਲਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਤੇ ਵਰਕਰ ਹਾਜ਼ਰ ਸਨ।