ਭਾਜਪਾ ਵਰਕਰਾਂ ਨੇ ਭਗਵੰਤ ਮਾਨ ਦਾ ਪੁਤਲਾ ਸਾੜਿਆ
ਐੱਸਏਐੱਸ ਨਗਰ (ਮੁਹਾਲੀ) (ਖੇਤਰੀ ਪ੍ਰਤੀਨਿਧ): ਭਾਜਪਾ ਵਰਕਰਾਂ ਨੇ ਅੱਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਹੇਠ ਇੱਥੋਂ ਦੇ ਫੇਜ਼ ਗਿਆਰਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜਿਆ। ਭਾਜਪਾ ਕਾਰਕੁਨਾਂ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਅਪਮਾਨਜਨਕ ਟਿੱਪਣੀਆਂ ਖ਼ਿਲਾਫ਼ ਭਗਵੰਤ ਮਾਨ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਭਾਜਪਾ ਵਰਕਰਾਂ ਨੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਭਗਵੰਤ ਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਸਿਰਫ਼ ਨਰਿੰਦਰ ਮੋਦੀ ਬਾਰੇ ਨਹੀਂ ਸਗੋਂ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ’ਤੇ ਬੈਠੇ ਨੇਤਾ ਬਾਰੇ ਗੱਲ ਕਰ ਰਹੇ ਹਨ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਸੰਜੀਵ ਜੋਸ਼ੀ, ਹਰਦੀਪ ਬੈਦਵਾਣ, ਰਮਨ ਸੈਲੀ, ਜਸਮਿੰਦਰ ਸਿੰਘ, ਗੁਲਸ਼ਨ ਸੂਦ, ਪ੍ਰੀਤਮ ਰਾਣਾ, ਮੋਹਿਤ ਸ਼ਰਮਾ, ਰੋਹਿਤ ਸ਼ਰਮਾ, ਕਮਲ ਅਤਰੀ, ਅਮਨ ਮਲਿਕ, ਮੋਹਿਤ ਆਹੂਜਾ, ਬਿਆਸ ਗੁਪਤਾ, ਕੇਦਾਰ ਗੁਪਤਾ ਅਤੇ ਮਦਨ ਗੋਇਲ ਹਾਜ਼ਰ ਸਨ।