ਭਾਜਪਾ 2027 ’ਚ ਸਰਕਾਰ ਬਣਾਵੇਗੀ: ਢਿੱਲੋਂ
ਗੱਲਬਾਤ ਕਰਦੇ ਹੋਏ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਅਤੇ ਹੋਰ। -ਫੋਟੋ: ਸੂਦ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਕੇਵਲ ਸਿੰਘ ਢਿੱਲੋਂ ਨੇ ਭਾਜਪਾ ਆਗੂ ਪ੍ਰਦੀਪ ਗਰਗ ਦੇ ਨਿਵਾਸ ’ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਭਾਜਪਾ ਜ਼ਿਲ੍ਹਾ...
ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਕੇਵਲ ਸਿੰਘ ਢਿੱਲੋਂ ਨੇ ਭਾਜਪਾ ਆਗੂ ਪ੍ਰਦੀਪ ਗਰਗ ਦੇ ਨਿਵਾਸ ’ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਭਾਜਪਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਸਾਰੀਆਂ ਜ਼ਿਲ੍ਹਾ ਪਰਿਸ਼ਦ ਅਤੇ ਵਿਧਾਨ ਸਭਾ ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਜ਼ਿਕਰਯੋਗ ਹੈ ਕਿ ਸ੍ਰੀ ਢਿੱਲੋਂ ਨੂੰ ਇਨ੍ਹਾਂ ਚੋਣਾਂ ਲਈ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦਾ ਇੰਚਾਰਜ਼ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿਚ ਪਾਰਟੀ ਪ੍ਰਤੀ ਇਨ੍ਹਾਂ ਚੋਣਾਂ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਵਿਚ ਭਾਜਪਾ ਆਪਣੇ ਬਲਬੂਤੇ ਉਪਰ ਚੋਣਾਂ ਲੜ ਕੇ ਆਪਣੀ ਸਰਕਾਰ ਬਣਾਵੇਗੀ। ਇਸ ਮੌਕੇ ਭਾਜਪਾ ਆਗੂ ਰਾਜਪਾਲ ਗਰਗ ਅਤੇ ਪ੍ਰਦੀਪ ਗਰਗ ਆਦਿ ਹਾਜ਼ਰ ਸਨ।
ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ
ਬਨੂੜ: ਇੱਥੇ ਸਥਿਤ ਕੇਂਦਰੀ ਸੰਸਥਾ ਫੁਟਵੀਅਰ ਡਿਜ਼ਾਈਨ ਐਂਡ ਡਿਵੈਲਪਮੈਂਟ ਇੰਸਟੀਚਿਊਟ (ਐੱਫ ਡੀ ਡੀ ਆਈ) ਦੇ ਵੱਖ-ਵੱਖ ਕੋਰਸਾਂ ਦੇ ਵਿਦਿਆਰਥੀਆਂ ਨੂੰ ਦਿੱਲੀ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਡਿਗਰੀਆਂ ਵੰਡੀਆਂ। ਦਿੱਲੀ ਦੇ ਡਾ. ਅੰਬੇਦਕਰ ਇੰਟਰਨੈਸ਼ਨਲ ਸੈਂਟਰ ਦੇ ਭੀਮ ਹਾਲ ਵਿੱਚ ਹੋਈ ਕਾਨਵੋਕੇਸ਼ਨ ਵਿਚ ਰਾਸ਼ਟਰਪਤੀ ਤੋਂ ਇਲਾਵਾ ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਕੇਂਦਰੀ ਰਾਜ ਮੰਤਰੀ ਜਿਤਿਨ ਪ੍ਰਸਾਦ ਨੇ ਵੀ ਸ਼ਿਰਕਤ ਕੀਤੀ। ਰਾਸ਼ਟਰਪਤੀ ਨੇ ਇਸ ਮੌਕੇ ਸਮੁੱਚੇ ਦੇਸ਼ ਵਿਚ ਅੱਠ ਐਫ ਡੀ ਡੀ ਆਈ ਸੰਸਥਾਵਾਂ ਦੇ 547 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਰਾਸ਼ਟਰਪਤੀ ਨੇ ਇਸ ਮੌਕੇ ਐੱਫ ਡੀ ਡੀ ਆਈ ਵੱਲੋਂ ਹੁਨਰਮੰਦ ਤਿਆਰ ਕਰਨ ਸਬੰਧੀ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ। ਐੱਫ ਡੀ ਡੀ ਆਈ ਦੇ ਪ੍ਰਬੰਧਕ ਨਿਰਦੇਸ਼ਕ ਵਿਵੇਕ ਸ਼ਰਮਾ ਨੇ ਮੌਕੇ ਕਿਹਾ ਕਿ ਐਫ ਡੀ ਡੀ ਆਈ ਦੇ ਵਿਦਿਆਰਥੀ ਮਜ਼ਬੂਤ ਤਕਨੀਕੀ ਗਿਆਨ ਅਤੇ ਉਦਯੋਗ ਲਈ ਤਿਆਰ ਸੋਚ ਨਾਲ ਭਰਪੂਰ ਹਨ। -ਪੱਤਰ ਪ੍ਰੇਰਕ
ਕਲਵਾਂ ’ਚ ਖੂਹ ’ਤੇ ਲਾਏ ਜਾਣਗੇ ਫੁਹਾਰੇ
ਨੂਰਪੁਰ ਬੇਦੀ: ਪਿੰਡ ਕਲਵਾਂ ਦੀ ਪੰਚਾਇਤ, ਸਮਾਜ ਸੇਵੀ ਤੇ ਨੌਜਵਾਨਾਂ ਵੱਲੋਂ ਪਿੰਡ ਦੇ ਪਰਾਤਨ ਖੂਹ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਨੂੰ ਹੋਰ ਖੂਬਸੂਰਤ ਬਣਾਉਣ ਲਈ ਫੁਹਾਰੇ ਲਾਉਣ ਦਾ ਫ਼ੈਸਲਾ ਕੀਤਾ ਹੈ। ਸਮਾਜ ਸੇਵੀ ਰਾਮਪਾਲ ਵਰਮਾ ਨੇ ਦੱਸਿਆ ਕਿ ਖੂਹ ਦੀ ਗਾਰ ਕੱਢ ਕੇ ਬੋਰ ਕੀਤਾ ਹੈ। ਇੱਥੇ ਲਾਈਟਾਂ ਲਗਾਈਆਂ ਗਈਆਂ ਹਨ ਅਤੇ ਇੱਥੇ ਹੁਣ ਫੁਹਾਰੇ ਲਗਾਏ ਜਾਣਗੇ। ਇਸ ਲਈ ਸੁਭਾਸ਼ ਸ਼ਰਮਾ, ਸਗਲੀ ਬਾਂਸਲ, ਪੰਮਾ ਬੋਰਾਵਾਲਾ, ਨਿੰਜਾ ਸੈਣੀ, ਹਰਮਨ ਵਰਮਾ, ਤਨੁਜ ਰੈਤ, ਹਰਮਨ ਵਰਮਾ, ਰੋਹਿਤ ਸ਼ਰਮਾ, ਵਿੱਕੀ ਵਰਮਾ, ਕਰਨ ਰਾਣਾ, ਤਨੂ ਵਸਦੇਵ, ਭੋਡਾ ਸੈਣੀ, ਰੋਹਿਤ ਦੱਤ, ਸੋਹਨ ਸ਼ਰਮਾ ਆਦਿ ਸਹਿਯੋਗ ਦੇ ਰਹੇ ਹਨ। -ਪੱਤਰ ਪ੍ਰੇਰਕ
ਵਿਦਿਆਰਥੀਆਂ ਦਾ ਭਾਸ਼ਣ ਮੁਕਾਬਲਾ
ਖਮਾਣੋਂ: ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਵਿੱਚ ਗੀਤਾ ਜੈਯੰਤੀ ਸਬੰਧੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਦਾ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਵਿਦਿਆਰਥੀਆਂ ਨੇ ਗੀਤਾ ਦੇ ਸ਼ਬਦ ਵੀ ਸੁਣਾਏ ਅਤੇ ਉਨ੍ਹਾਂ ਦੇ ਅਰਥ ਕੀਤੇ। ਇਸ ਮੌਕੇ ਸਕੂਲ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਗੀਤਾ ਜੈਯੰਤੀ ਦੇ ਮਹੱਤਵ ਬਾਰੇ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗੀਤਾ ਦਾ ਸੰਖੇਪ ਸਾਰ ਸੁਣਾਇਆ। ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਨਾ ਸਿਰਫ਼ ਗੀਤਾ ਦੇ ਸ਼ਬਦ ਪੜ੍ਹਨੇ ਚਾਹੀਦੇ ਹਨ, ਸਗੋਂ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਹੈ। ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ। -ਨਿੱਜੀ ਪੱਤਰ ਪ੍ਰੇਰਕ
ਸੁਰ ਸੰਗਮ ਕਰਾਵੇਗਾ ਸੰਗੀਤਕ ਨਾਈਟ
ਪੰਚਕੂਲਾ: ਪੰਚਕੂਲਾ ਦੇ ਯਵਨਿਕਾ ਥੀਏਟਰ ਵਿੱਚ ਸੱਤ ਦਸੰਬਰ ਨੂੰ ਸੰਗੀਤਕ ਸ਼ਾਮ 2025 ਮਨਾਈ ਜਾਵੇਗੀ। ਇਸ ਵਿੱਚ ਜਗਦੀਪ ਸਿੰਘ, ਸੰਜੈ ਸੇਠੀ, ਬੌਬੀ ਬਾਜਵਾ, ਡਾ. ਪ੍ਰਦੀਪ ਭਾਰਦਵਾਜ, ਦੀਪਤੀ ਦਿਲਪ੍ਰੀਤ ਤੋਂ ਇਲਾਵਾ ਸੰਗੀਤਾ ਭੱਟੀ, ਸੱਤ ਕਲੇਰ ਅਤੇ ਗਾਇਕਾ ਸੁਮਨ ਸ਼ਾਮਲ ਹੋਣਗੇ। ਡਿਪਟੀ ਕਮਿਸ਼ਨਰ ਸੱਤਪਾਲ ਸ਼ਰਮਾ ਮੁੱਖ ਮਹਿਮਾਨ ਹੋਣਗੇ। ਇਸ ਸਬੰਧੀ ਡਾ. ਪ੍ਰਦੀਪ ਭਾਰਦਵਾਜ, ਚੰਦਰਕਾਂਤ ਕਟਾਰੀਆ, ਐੱਮ ਕੇ ਭਾਟੀਆ, ਸੀ ਐੱਲ ਪਵਾਰ, ਜਸਪ੍ਰੀਤ ਸਿੰਘ ਕਾਹਲੋਂ ਆਦਿ ਨੇ ਦੱਸਿਆ ਇਸ ਸੰਗੀਤਕ ਸ਼ਾਮ ਵਿੱਚ ਪੰਜਾਬੀ ਫਿਲਮਾਂ ਦੇ ਕਈ ਕਲਾਕਾਰ ਵੀ ਸ਼ਾਮਲ ਹੋਣਗੇ। ਨਵੇਂ ਗਾਇਕਾਂ ਨੂੰ ਵੀ ਇਸ ਸੰਗੀਤਕ ਸ਼ਾਮ ਵਿੱਚ ਗਾਉਣ ਦਾ ਮੌਕਾ ਦਿੱਤਾ ਜਾਵੇਗਾ। -ਪੱਤਰ ਪ੍ਰੇਰਕ
ਨਾਜਾਇਜ਼ ਉਸਾਰੀਆਂ ਢਾਹੀਆਂ
ਮੁੱਲਾਂਪੁਰ ਗਰੀਬਦਾਸ: ਨਿਊ ਚੰਡੀਗੜ੍ਹ ਇਲਾਕੇ ਵਿੱਚ ਗਮਾਡਾ ਦੇ ਜੇ ਈ ਹਰਮਨਦੀਪ ਸਿੰਘ ਤੇ ਸੰਘਰਸ਼ਵੀਰ ਸਿੰਘ, ਏ ਟੀ ਪੀ ਗਗਨਦੀਪ ਸਿੰਘ ਤੇ ਹਰਚੰਦ ਸਿੰਘ ਆਦਿ ਦੀ ਟੀਮ ਨੇ ਪੁਲੀਸ ਦੀ ਮੌਜੂਦਗੀ ਵਿੱਚ ਕਈ ਨਾਜਾਇਜ਼ ਉਸਾਰੀਆਂ ਢਾਹੀਆਂ। ਜਾਣਕਾਰੀ ਅਨੁਸਾਰ ਪਿੰਡ ਤੋਗਾਂ ਤੋਂ ਬੂਥਗੜ੍ਹ ਮਾਰਗ ਕਿਨਾਰੇ ਬਣਾਈ ਜਾ ਰਹੀ ਨਵੀਂ ਫਰਨੀਚਰ ਮਾਰਕੀਟ ਲਈ ਟੀਨਾਂ ਦੇ ਬਣਾਏ ਖੋਖਿਆਂ, ਬੂਥਗੜ੍ਹ ਤੋਂ ਸਿੱਸਵਾਂ ਬੱਦੀ ਮਾਰਗ, ਮੁੱਲਾਂਪੁਰ ਗਰੀਦਬਾਸ ਤੋਂ ਮਾਜਰਾ ਸੁਲਤਾਨਪੁਰ ਮਾਰਗ ’ਤੇ ਬਣਾਏ ਟੀਨਾਂ ਦੇ ਖੋਖਿਆਂ ਤੇ ਹੋਰ ਉਸਾਰੀਆਂ ਢਾਹੀਆਂ ਗਈਆਂ। -ਪੱਤਰ ਪ੍ਰੇਰਕ

