ਹਲਕਾ ਡੇਰਾਬੱਸੀ ਤੋਂ ਭਾਜਪਾ ਆਗੂ ਹਰਜੀਤ ਸਿੰਘ ਮਿੰਟਾ ਨੇ ਹਲਕਾ ਡੇਰਾਬੱਸੀ ਵਿੱਚ ਰੇਲਵੇ ਵਿਭਾਗ ਨਾਲ ਸਮੱਸਿਆਵਾਂ ਨੂੰ ਲੈ ਕੇ ਫੂਡ ਪ੍ਰਾਸੈਸਿੰਗ ਅਤੇ ਰੇਲਵੇ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਦਿੱਲੀ ਵਿਖੇ ਉਨ੍ਹਾਂ ਦੇ ਦਫ਼ਤਰ ’ਚ ਮੁਲਾਕਾਤ ਕੀਤੀ। ਉਨ੍ਹਾਂ ਬਲਟਾਣਾ ਅਧੀਨ ਪੈਂਦੇ ਹਰਮਿਲਾਪ ਨਗਰ ਵਿਖੇ ਪ੍ਰਸਤਾਵਿਤ ਅੰਡਰਪਾਥ ਬਾਰੇ ਚਰਚਾ ਕਰਦਿਆਂ ਇਸ ਪ੍ਰਾਜੈਕਟ ਨੂੰ ਛੇਤੀ ਪੂਰਾ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਹਰਮਿਲਾਪ ਨਗਰ ਵਿਖੇ ਫਾਟਕ ਦੀ ਸਮੱਸਿਆਵਾਂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਰੇਲਵੇ ਲਾਈਨ ’ਤੇ ਢਕੋਲੀ ਫਾਟਕ ਦੀ ਸਮੱਸਿਆ ਦਾ ਹੱਲ ਕਰ ਇਥੇ ਪ੍ਰਸਾਤਵਿਤ ਅੰਡਰਪਾਥ ਦਾ ਕੰਮ ਛੇਤੀ ਚਾਲੂ ਕਰਨ ਦੀ ਮੰਗ ਕੀਤੀ। ਸ੍ਰੀ ਮਿੰਟਾ ਨੇ ਦੱਸਿਆ ਕਿ ਜ਼ੀਰਕਪੁਰ ਸ਼ਹਿਰ ਵਿੱਚ ਵਸੋਂ ਤੇਜ਼ੀ ਨਾਲ ਵਧਦੀ ਜਾ ਰਹੀ ਹੈ ਪਰ ਇਥੇ ਹਰਮਿਲਾਪ ਨਗਰ ਅਤੇ ਢਕੋਲੀ ਵਿਖੇ ਸ਼ਹਿਰ ਦੇ ਵਿਚਾਲੇ ਫਾਟਕਾਂ ਦੀ ਸਮੱਸਿਆ ਨਾਲ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਢਕੋਲੀ ਵਿਖੇ ਅੰਡਰਪਾਸ ਦੀ ਮਨਜ਼ੂਰੀ ਮਿਲ ਚੁੱਕੀ ਹੈ ਜਿਸ ਦਾ ਕੰਮ ਛੇਤੀ ਸ਼ੁਰੂ ਕੀਤਾ ਜਾਵੇ। ਰਵਨੀਤ ਸਿੰਘ ਬਿੱਟੂ ਨੇ ਸ੍ਰੀ ਮਿੰਟਾ ਨੂੰ ਭਰੋਸਾ ਦਿੱਤਾ ਕਿ ਛੇਤੀ ਇਨ੍ਹਾਂ ਨੂੰ ਕੰਮਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਛੇਤੀ ਇਨ੍ਹਾਂ ਕੰਮਾਂ ਦਾ ਚਾਲੂ ਕਰਨ ਮਗਰੋਂ ਉਹ ਹਲਕਾ ਡੇਰਾਬੱਸੀ ਵਿਖੇ ਦੌਰਾ ਕਰ ਲੋਕਾਂ ਦੀ ਹੋਰਨਾਂ ਸਮੱਸਿਆਵਾਂ ਨੂੰ ਹੱਲ ਕਰਵਾਉਣਗੇ। ਸ੍ਰੀ ਮਿੰਟਾ ਨੇ ਹਲਕੇ ਵਿੱਚ ਲੰਮਕ ਰਹੇ ਰੇਲਵੇ ਦੇ ਪ੍ਰਾਜੈਕਟਾਂ ਨੂੰ ਛੇਤੀ ਹੱਲ ਦੇਣ ਦਾ ਭਰੋਸਾ ਦੇਣ ’ਤੇ ਸ੍ਰੀ ਬਿੱਟੂ ਦਾ ਧੰਨਵਾਦ ਕੀਤਾ।