ਚੰਡੀਗੜ੍ਹ ਨਗਰ ਨਿਗਮ ਲਗਾਤਾਰ ਕਰਜ਼ੇ ਦੇ ਬੋਝ ਹੇਠ ਦਬਦਾ ਜਾ ਰਿਹਾ ਹੈ। ਚੰਡੀਗੜ੍ਹ ਕਾਂਗਰਸ ਨੇ ਨਿਗਮ ਦੇ ਅਜਿਹੇ ਹਾਲਾਤਾਂ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ। ਇਸ ਦੀ ਸ਼ੁਰੂਆਤ ਪਿੰਡ ਦੜੂਆ ਵਿੱਚ ਕਾਂਗਰਸ ਨੇ ਰੈਲੀ ਕਰਕੇ ਕੀਤੀ।
ਇਸ ਦੌਰਾਨ ਚੰਡੀਗੜ੍ਹ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਭਾਜਪਾ ’ਤੇ ਚੰਡੀਗੜ੍ਹ ਨਗਰ ਨਿਗਮ ਨੂੰ ਕਰਜ਼ੇ ਵਿੱਚ ਡੁਬੋਣ ਦਾ ਦੋਸ਼ ਲਾਇਆ। ਤਿਵਾੜੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਹੇਠ ਨਿਗਮ ਮਾੜੀ ਕਾਰਗੁਜ਼ਾਰੀ ਅਤੇ ਲਾਪਰਵਾਹੀ ਦਾ ਪ੍ਰਤੀਕ ਬਣ ਚੁੱਕਾ ਹੈ, ਜਿਸ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ ਹਨ। ਸੰਸਦ ਮੈਂਬਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਚੰਡੀਗੜ੍ਹ ਨਿਗਮ ਦਾ 30 ਫ਼ੀਸਦ ਹੱਕੀ ਹਿੱਸਾ ਫੌਰੀ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਚੰਡੀਗੜ੍ਹ ਦੇ ਲੋਕਾਂ ਦੇ ਹੱਕ ਲਈ ਆਪਣੀ ਲੜਾਈ ਨੂੰ ਸੜਕ ਤੋਂ ਸੰਸਦ ਤੱਕ ਜਾਰੀ ਰੱਖਣਗੇ। ਉਨ੍ਹਾਂ ਪਿੰਡ ਦੜੂਆਂ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਚੰਡੀਗੜ੍ਹ ਵਾਸੀਆਂ ਦੀਆਂ ਦੀਆਂ ਜਾਇਜ਼ ਮੰਗਾਂ ਨੂੰ ਉਠਾਉਣ ਲਈ ਸੰਘਰਸ਼ ਤੇਜ਼ ਕਰਨਗੇ। ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਐੱਚ ਐੱਸ ਲੱਕੀ ਨੇ ਭਾਜਪਾ ’ਤੇ ਰਾਜਨੀਤਿਕ ਲਾਭ ਲਈ ਨਗਰ ਨਿਗਮ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਪਿਛਲੇ ਅੱਠ ਸਾਲਾਂ ਤੋਂ ਚੰਡੀਗੜ੍ਹ ਭਾਜਪਾ ਦੇ ਕੁਸ਼ਾਸਨ ਦਾ ਸ਼ਿਕਾਰ ਹੋ ਰਿਹਾ ਹੈ। ਇਸ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਚੰਡੀਗੜ੍ਹ ਨੂੰ ਲੋੜੀਂਦੇ ਫੰਡ ਦੇਣ ਤੋਂ ਇਨਕਾਰ ਕਰਨ ਕਰਕੇ ਵੀ ਨਗਰ ਨਿਗਮ ਦੀ ਹਾਲਤ ਮਾੜੀ ਹੋ ਗਈ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਰਮੇਲ ਕੇਸਰੀ, ਸੁਰਿੰਦਰ ਸਿੰਘ, ਪਵਨ ਸ਼ਰਮਾ, ਕੁਲਵੰਤ ਸਿੰਘ, ਸੰਦੀਪ ਕੁਮਾਰ, ਸੁਰਜੀਤ ਢਿੱਲੋਂ, ਰਾਜਦੀਪ ਸਿੱਧੂ ਆਦਿ ਹਾਜ਼ਰ ਸਨ।