ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ, ਕਿਸਾਨਾਂ ਦੀਆਂ ਫਸਲਾਂ ਡੁੱਬੀਆਂ!
ਨੰਗਲ ਡੈਮ ਤੋਂ ਸਤਲੁਜ ਦਰਿਆ ’ਚ 21500 ਕਿਉਸਿਕ ਪਾਣੀ ਛੱਡਿਆ
ਮੌਸਮ ਵਿਭਾਗ ਦੀ 6 ਅਤੇ 7 ਅਕਤੂਬਰ ਨੂੰ ਭਾਰੀ ਮੀਂਹ ਪੈਣ ਦੀ ਸੂਚਨਾਂ ਤੋਂ ਬਾਅਦ ਭਾਖੜਾ ਡੈਮ ਦੇ ਫਲੱਡ ਗੇਟ 2 ਫੁੱਟ ਖੋਲ੍ਹੇ ਗਏ। ਜਦੋਂਕਿ ਭਾਖ਼ੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ ਇਸ ਵੇਲੇ 1672.62 ਫੁੱਟ ਪਾਣੀ ਹੈ ਜੋ ਖ਼ਤਰੇ ਦੇ ਨਿਸ਼ਾਨ ਤੋਂ 6. 38 ਫੁੱਟ ਥੱਲੇ ਹੈ। ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਪੈਣ ਵਾਲੇ ਮੀਂਹ ਦੇ ਮੱਦੇਨਜ਼ਰ ਡੈਮ ਦੀ ਪਾਣੀ ਸਮਰੱਥਾ ਨੂੰ ਘਟਾਉਣ ਲਈ ਅੱਜ ਫਲੱਡ ਗੇਟ ਖੋਲ੍ਹੇ ਗਏ। ਵੈਸੇ ਭਾਖੜਾ ਡੈਮ ਵਿੱਚ 1780 ਤੱਕ ਪਾਣੀ ਨੂੰ ਸਟੋਰ ਕੀਤਾ ਜਾ ਸਕਦਾ ਹੈ।
ਦੂਜੇ ਵਾਸੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਨੰਗਲ ਡੈਮ ਤੋਂ ਬੀਬੀਐਮਬੀ ਨਹਿਰ ਵਿੱਚ 12500 ਕਿਉਸਿਕ ਅਤੇ ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 9 ਹਜ਼ਾਰ 100 ਕਿਉਸਿਕ ਪਾਣੀ ਛੱਡਿਆ ਗਿਆ ਹੈ ਜਦੋਂਕਿ ਸਤਲੁਜ ਦਰਿਆ ਵਿੱਚ ਅੱਜ 21,500 ਕਿਉਸਿਕ ਪਾਣੀ ਛੱਡਿਆ ਗਿਆ।
ਸਤਲੁਜ ਦਰਿਆ ਵਿੱਚ ਪਾਣੀ ਛੱਡਣ ਨਾਲ ਪਿੰਡ ਬੇਲਾ ਧਿਆਨੀ, ਭਨਾਮ, ਹਰਸਾ ਬੇਲਾ, ਪੱਤੀ ਦੁਲਚੀ,ਸਮੇਤ ਦਰਜਣ ਬੇਲਿਆ ਦੇ ਪਿੰਡਾਂ ਦੀਆਂ ਫਸਲਾਂ ਮੁੜ ਪਾਣੀ ਵਿੱਚ ਡੁੱਬ ਗਈਆਂ ਹਨ। ਜੇਕਰ ਹਿਮਾਚਲ ਪ੍ਰਦੇਸ ਦੇ ਪਹਾੜੀ ਖੇਤਰਾਂ ਵਿੱਚ ਜਿਆਦਾ ਮੀਂਹ ਪੈਂਦਾ ਹੈ ਤਾਂ ਪੰਜਾਬ ਦੇ ਪਿੰਡਾਂ ਦੇ ਮੁੜ ਪਹਿਲਾ ਵਰਗੇ ਹਲਾਤ ਬਣ ਸਕਦੇ ਹਨ।
ਭਾਖੜਾ ਡੈਮ ਦੇ ਖੋਲ੍ਹੇ ਗਏ ਫਲੱਡ ਗੇਟ। ਫੋਟੋ: ਰੈਤ