ਬੇਦੀ ਨੇ ਨਿਗਮ ਕਮਿਸ਼ਨਰ ਨੂੰ ਪੱਤਰ ਲਿਖਿਆ
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਨਿਗਮ ਕਮਿਸ਼ਨਰ ਪਰਮਿੰਦਰਪਾਲ ਸਿੰਘ ਨੂੰ ਪੱਤਰ ਲਿਖ ਕੇ ਮਕੈਨੀਕਲ ਸਵੀਪਿੰਗ ਦੇ ਮਾਮਲੇ ਵੱਲ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ। ਉਨ੍ਹਾਂ ਲਿਖਿਆ ਕਿ ਸਬੰਧਤ ਠੇਕੇਦਾਰ ਲਗਾਤਾਰ ਇਹ ਦਾਅਵਾ ਕਰ ਰਿਹਾ ਹੈ ਕਿ ਸ਼ਹਿਰ ਦਾ ਕੂੜਾ ਵੱਧ ਹੈ ਤੇ ਉਸ ਨੂੰ ਪੈਸੇ ਘੱਟ ਦਿੱਤੇ ਜਾ ਰਹੇ ਹਨ। ਇਸ ਕਰ ਕੇ ਉਸ ਦੇ 25 ਫ਼ੀਸਦੀ ਪੈਸੇ ਵਧਾਏ ਜਾਣ। ਉਨ੍ਹਾਂ ਕਿਹਾ ਕਿ ਦੂਜੇ ਪਾਸੇ ਸ਼ਹਿਰ ਵਿੱਚੋਂ ਇਹ ਸ਼ਿਕਾਇਤਾਂ ਆ ਰਹੀਆਂ ਹਨ ਕਿ ਠੇਕੇਦਾਰ ਵੱਲੋਂ ਟੈਂਡਰ ਅਨੁਸਾਰ ਵਾਲ ਟੂ ਮਕੈਨੀਕਲ ਸਫ਼ਾਈ ਨਹੀਂ ਕੀਤੀ ਜਾ ਰਹੀ ਅਤੇ ‘ਬੀ’ ਸੜਕਾਂ ਉੱਤੇ ਤਾਂ ਉੱਕਾ ਹੀ ਸਫ਼ਾਈ ਠੀਕ ਢੰਗ ਨਾਲ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਤੁਰੰਤ ਇਸ ਮਾਮਲੇ ਸਬੰਧੀ ਸਪੱਸ਼ਟ ਫ਼ੈਸਲਾ ਲੈਣਾ ਚਾਹੀਦਾ ਹੈ। ਜੇ ਠੇਕੇਦਾਰ ਦੀ ਗੱਲ ਵਿੱਚ ਦਮ ਹੈ ਤਾਂ ਉਸ ਦੇ ਪੈਸੇ 25 ਫ਼ੀਸਦੀ ਵਧਾ ਕੇ ਕੁੱਝ ਸਮੇਂ ਲਈ ਟਰਾਇਲ ਕੀਤਾ ਜਾ ਸਕਦਾ ਹੈ। ਜੇ ਨਿਗਮ ਅਜਿਹਾ ਨਹੀਂ ਕਰ ਸਕਦਾ ਤਾਂ ਠੇਕਾ ਰੱਦ ਕਰ ਕੇ ਨਵੇਂ ਸਿਰੇ ਤੋਂ ਦੇਣਾ ਚਾਹੀਦਾ ਹੈ, ਕਿਉਂਕਿ ਇਸ ਮਾਮਲੇ ਵਿੱਚ ਦੇਰੀ ਠੀਕ ਨਹੀਂ ਹੈ।