ਕੇਂਦਰੀ ਬਲਾਂ ਦੀ ਤਾਇਨਾਤੀ ਲਈ ਸਾਲਾਨਾ ਸੌ ਕਰੋੜ ਰੁਪਏ ਖਰਚੇਗੀ ਬੀਬੀਐੱਮਬੀ
ਕੇਂਦਰ ਸਰਕਾਰ ਨੇ ਭਾਖੜਾ ਅਤੇ ਨੰਗਲ ਡੈਮ ’ਤੇ ਸੀਆਈਐਸਐੱਫ ਦੀ ਤਾਇਨਾਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। 31 ਅਗਸਤ ਤੋਂ ਕੇਦਰੀ ਬਲਾਂ ਦੀ 296 ਜਵਾਨਾਂ ਦੀ ਬਟਾਲੀਅਨ ਨੰਗਲ ਪਹੁੰਚ ਜਾਵੇਗੀ। ਬੀਬੀਐਮਬੀ ਦੇ ਸੂਤਰਾਂ ਮੁਤਾਬਕ ਹੁਣ ਵਿਭਾਗ ਸੀਆਈਐੱਸਐੱਫ ਦਾ ਸਾਰਾ ਖਰਚਾ ਚੁੱਕੇਗੀ ਜਿਸ ਦਾ ਸਾਲਾਨਾ ਬਜਟ ਸੌ ਕਰੋੜ ਰੁਪਏ ਦੱਸਿਆ ਗਿਆ ਹੈ। ਵਿਭਾਗ ਨੇ ਭਾਵੇਂ ਹਾਲੇ ਕੇਂਦਰੀ ਬਲਾਂ ਦੇ ਜਵਾਨਾਂ ਨੂੰ ਬੀਬੀਐਮਬੀ ਦੇ ਪੁਰਾਣੇ ਕੁਆਰਟਰਾਂ ਵਿੱਚ ਹੀ ਠਹਿਰਾਉਣ ਦਾ ਪ੍ਰਬੰਧ ਕੀਤਾ ਹੈ ਪਰ ਜਲਦੀ ਉਨ੍ਹਾਂ ਵਾਸਤੇ ਪਿੰਡ ਓਲੀਂਡਾ ਵਿਖੇ ਨਵੀਂ ਕਲੋਨੀ ਬਣਾਈ ਜਾਵੇਗੀ ਜਿਥੇ ਨਵੀਂ ਕਲੋਨੀ ਬਣਾਉਣ ਬਾਰੇ ਕਿਹਾ ਗਿਆ ਹੈ ਉਥੇ ਵਿਭਾਗ ਕੇਦਰੀ ਫੋਰਸਾਂ ਲਈ ਨਵੀਆਂ ਬੋਲੇਰੋ ਤੇ ਸਕਾਰਪਿਓ ਵੀ ਖਰੀਦਣ ਜਾ ਰਿਹਾ ਹੈ। ਗੋਲੀ ਸਿੱਕਾ ਵੀ ਬੀਬੀਐਮਬੀ ਵੱਲੋਂ ਸੀਆਈਐੱਸਐੱਫ ਦੇ ਜਵਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੇ ਰਹਿਣ ਸਹਿਣ ਦਾ ਪੂਰਾ ਖਰਚਾ ਵੀ ਬੀਬੀਐਮਬੀ ਹੀ ਚੁੱਕੇਗਾ। ਜ਼ਿਕਰਯੋਗ ਹੈ ਕਿ ਨੰਗਲ ਅਤੇ ਭਾਖੜਾ ਡੈਮ ’ਤੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ 300 ਦੇ ਕਰੀਬ ਪੁਲੀਸ ਜਵਾਨ ਦੋਨਾਂ ਡੈਮਾਂ ਦੀ ਰਾਖੀ ਕਰ ਰਹੇ ਹਨ ਜਿਨ੍ਹਾਂ ’ਤੇ ਵਿਭਾਗ ਵੱਲੋਂ ਸਾਲਾਨਾ 30 ਕਰੋੜ ਰੁਪਏ ਖਰਚਿਆ ਜਾ ਰਿਹਾ ਸੀ। ਬੀਬੀਐਮਬੀ ਵਿਭਾਗ ਪੰਜਾਬ ਪੁਲੀਸ ਅਤੇ ਹਿਮਾਚਲ ਦੇ ਪੁਲੀਸ ਜਵਾਨਾਂ ਨੂੰ ਵਾਪਸ ਭੇਜੇਗਾ। ਜਦੋਂ ਪੰਜਾਬ ਦੇ ਮੰਤਰੀਆਂ ਅਤੇ ਆਪ ਦੇ ਆਗੂਆਂ ਨੇ ਹਰਿਆਣਾ ਨੂੰ ਪਾਣੀ ਦੇਣ ਦੇ ਵਿਰੋਧ ਵਿੱਚ ਬੀਬੀਐਮਬੀ ਦੇ ਚੇਅਰਮੈਨ ਦਾ ਘਿਰਾਓ ਕੀਤਾ ਸੀ ਉਸ ਵੇਲੇ ਪੰਜਾਬ ਪੁਲੀਸ ਚੇਅਰਮੈਨ ਦੀ ਸੁਰੱਖਿਆ ਕਰਨ ਵਿੱਚ ਅਸਫ਼ਲ ਰਹੀ ਸੀ। ਚੇਅਰਮੈਨ ਦੀ ਘੇਰਾਬੰਦੀ ਤੋਂ ਬਾਅਦ ਕੇਂਦਰੀ ਮੰਤਰੀ ਦੀ ਬੀਬੀਐਮਬੀ ਦੇ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਸੀਆਈਐੱਸਐੱਫ ਨੂੰ ਲਗਾਉਣ ਦਾ ਫੈਸਲਾ ਲੈ ਲਿਆ ਗਿਆ ਸੀ।