ਬੀਬੀਐੱਮਬੀ ਨੇ ਡੈਮ ’ਚੋਂ ਪਾਣੀ ਦੀ ਨਿਕਾਸੀ 15,000 ਕਿਊਸਕ ਘਟਾਈ
ਬੀਬੀਐੱਮਬੀ ਅਧਿਕਾਰੀਆਂ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਬੇਨਤੀ ’ਤੇ ਭਾਖੜਾ ਡੈਮ ਤੋਂ ਪਾਣੀ ਦੇ ਨਿਕਾਸ ਨੂੰ 85000 ਕਿਊਸਕ ਤੋਂ ਘਟਾ ਕੇ 70,000 ਕਿਊਸਕ ਕਰ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਲੁਧਿਆਣਾ ਨੇ ਡੀਸੀ ਨੇ ਬੀਬੀਐਮਬੀ ਨੂੰ ਇੱਕ ਐਸਓਐਸ ਸੁਨੇਹਾ ਭੇਜਿਆ ਸੀ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਨਾਲ ਲੱਗਦੇ ਕੁਝ ਬੰਨ੍ਹਾਂ ਵਿੱਚ ਪਾੜ ਪੈ ਰਿਹਾ ਹੈ ਅਤੇ ਸਤਲੁਜ ਵਿੱਚ ਪਾਣੀ ਦੇ ਨਿਕਾਸ ਨੂੰ ਘਟਾਇਆ ਜਾਣਾ ਚਾਹੀਦਾ ਹੈ।
ਬੀਬੀਐੱਮਬੀ ਚੇਅਰਮੈਨ ਨੇ ਬੇਨਤੀ ’ਤੇ ਕਾਰਵਾਈ ਕਰਦਿਆਂ ਭਾਖੜਾ ਡੈਮ ਤੋਂ ਪਾਣੀ ਦੇ ਵਹਾਅ ਨੂੰ 85000 ਕਿਊਸਿਕ ਤੋਂ ਘਟਾ ਕੇ 70000 ਕਿਊਸਿਕ ਕਰਨ ਦਾ ਫੈਸਲਾ ਕੀਤਾ ਹੈ। ਭਾਖੜਾ ਡੈਮ ਤੋਂ 15000 ਕਿਊਸਿਕ ਪਾਣੀ ਛੱਡਣ ਦਾ ਮਤਲਬ ਹੈ ਕਿ ਅਗਲੇ ਕਰੀਬ 6 ਘੰਟਿਆਂ ਲਈ ਸਤਲੁਜ ਦੇ ਕੁਦਰਤੀ ਵਹਾਅ ਵਿੱਚ ਲਗਪਗ 50000 ਕਿਊਸਕ ਪਾਣੀ ਛੱਡਿਆ ਜਾਵੇਗਾ ਤਾਂ ਜੋ ਪੰਜਾਬ ਦੇ ਅਧਿਕਾਰੀਆਂ ਨੂੰ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਸਤਲੁਜ ਦਰਿਆ ਦੇ ਕੰਢਿਆਂ ਦੀ ਮੁਰੰਮਤ ਕਰਨ ਵਿੱਚ ਮਦਦ ਮਿਲ ਸਕੇ।
ਮੀਂਹ ਘੱਟਣ ਨਾਲ ਭਾਖੜਾ ਡੈਮ ਵਿੱਚ ਔਸਤਨ ਪਾਣੀ ਦਾ ਪ੍ਰਵਾਹ ਵੀ ਘਟ ਕੇ ਕਰੀਬ 70000 ਕਿਊਸਕ ਰਹਿ ਗਿਆ ਹੈ। ਉੱਚ ਪੱਧਰੀ ਸੂਤਰਾਂ ਨੇ ‘ਦਿ ਟ੍ਰਿਬਿਊਨ’ ਨੂੰ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਘੱਟ ਮੀਂਹ ਪੈਣ ਦੀ ਭਵਿੱਖਬਾਣੀ ਦੇ ਨਾਲ, ਬੀਬੀਐਮਬੀ ਅਧਿਕਾਰੀ ਅਗਲੇ ਕੁਝ ਦਿਨਾਂ ਲਈ ਭਾਖੜਾ ਡੈਮ ਤੋਂ ਪਾਣੀ ਦਾ ਵਹਾਅ ਕਰੀਬ 70000 ਕਿਊਸਕ ਰੱਖਣ ਦਾ ਫੈਸਲਾ ਲੈ ਸਕਦੇ ਹਨ। ਅੱਜ ਸਵੇਰੇ 6 ਵਜੇ ਇਕੱਠੇ ਕੀਤੇ ਗਏ ਅੰਕੜਿਆਂ ਅਨੁਸਾਰ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1678.74 ਫੁੱਟ ਸੀ।
ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1394.71 ਫੁੱਟ ’ਤੇ ਹੈ। ਡੈਮ ਵਿੱਚ ਪਾਣੀ ਦੀ ਆਮਦ ਦਾ ਵਹਾਅ ਘੱਟ ਕੇ 1,05,950 ਕਿਊਸਕ ਰਹਿ ਗਿਆ। ਪੌਂਗ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਦਾ ਵਹਾਅ 99763 ਕਿਊਸਿਕ ਰਿਹਾ। ਭਾਖੜਾ ਡੈਮ ਤੋਂ ਪਾਣੀ ਦੇ ਵਹਾਅ ਵਿੱਚ ਕਮੀ ਰੋਪੜ ਅਤੇ ਰਾਜ ਦੇ ਹੋਰ ਹਿੱਸਿਆਂ ਵਿੱਚ ਸਤਲੁਜ ਦਰਿਆ ਦੇ ਕੰਢੇ ਰਹਿਣ ਵਾਲੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸਤਲੁਜ ਦਰਿਆ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਅਜੇ ਵੀ ਚੌਕਸੀ ਵਰਤਣ ਲਈ ਕਿਹਾ ਹੈ।