ਸਰਵਿਸ ਮਾਰਗਾਂ ਦੀ ਸਫ਼ਾਈ ਨਾ ਹੋਣ ਕਾਰਨ ਬਨੂੜ ਵਾਸੀ ਪ੍ਰੇਸ਼ਾਨ
ਕਰਮਜੀਤ ਸਿੰਘ ਚਿੱਲਾ
ਬਨੂੜ, 28 ਜੂਨ
ਸ਼ਹਿਰ ਵਿੱਚੋਂ ਲੰਘਦੇ ਜ਼ੀਰਕਪੁਰ-ਰਾਜਪੁਰਾ ਕੌਮੀ ਮਾਰਗ ਦੇ ਓਵਰਬ੍ਰਿਜ ਨਾਲ ਬਣੀਆਂ ਸਰਵਿਸ ਸੜਕਾਂ ਦੀ ਸਫ਼ਾਈ ਨਾ ਹੋਣ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ ਹਨ। ਸਰਵਿਸ ਮਾਰਗਾਂ ਦੇ ਕਿਨਾਰਿਆਂ ’ਤੇ ਲੱਗੇ ਮਿੱਟੀ ਦੇ ਢੇਰਾਂ ਤੋਂ ਨਾਲ ਲੱਗਦੇ ਦੁਕਾਨਦਾਰ ਵੀ ਸਾਰਾ ਦਿਨ ਧੂੜ ਫੱਕ ਰਹੇ ਹਨ।
ਸ਼ਹਿਰ ਵਾਸੀ ਤੇ ਅਕਾਲੀ ਆਗੂ ਸਾਧੂ ਸਿੰਘ ਖਲੌਰ, ਜਸਵਿੰਦਰ ਸਿੰਘ ਜੱਸੀ, ਕਾਂਗਰਸੀ ਆਗੂ ਕੁਲਵਿੰਦਰ ਸਿੰਘ, ਕੌਂਸਲਰ ਅਵਤਾਰ ਸਿੰਘ ਬਬਲਾ, ਸੁਰਿੰਦਰ ਸੋਨੀ ਸੰਧੂ, ਸਾਬਕਾ ਸੈਨਿਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰੇਮ ਸਿੰਘ, ਦੁਕਾਨਦਾਰ ਮੋਹਨ ਧੀਮਾਨ, ਸੇਵਕ ਸਿੰਘ, ਗੁਰਪਾਲ ਸਿੰਘ, ਅਮਰੀਕ ਸਿੰਘ, ਅਤੁੱਲ ਮਿੱਤਲ ਆਦਿ ਨੇ ਕਿਹਾ ਕਿ ਕੌਮੀ ਮਾਰਗ ਦੇ ਨਾਲ ਸ਼ਹਿਰ ਅੰਦਰ ਬਣੀਆਂ ਸਰਵਿਸ ਰੋਡਾਂ ਦੀ ਬਹੁਤ ਦੇਰ ਤੋਂ ਸਫ਼ਾਈ ਨਾ ਹੋਣ ਕਾਰਨ ਥਾਂ-ਥਾਂ ਮਿੱਟੀ ਦੀਆਂ ਪਰਤਾਂ ਜੰਮ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਟੌਲ ਸੜਕ ਦੀ ਦੇਖ-ਰੇਖ ਕਰ ਰਹੀ ਕੰਪਨੀ ਦੇ ਠੇਕੇਦਾਰ ਓਵਰਬ੍ਰਿਜ ਦੀ ਸਫ਼ਾਈ ਕਰ ਕੇ ਚਲੇ ਜਾਂਦੇ ਹਨ, ਪਰ ਸਰਵਿਸ ਮਾਰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਇਹੋ ਹਾਲ ਓਬਰਬ੍ਰਿਜ ਦੀਆਂ ਲਾਈਟਾਂ ਦਾ ਹੈ, ਜੋ ਕਦੇ ਪੂਰੀਆਂ ਨਹੀਂ ਜਗੀਆਂ। ਅੱਧੀ ਸੜਕ ’ਤੇ ਕੁੱਪ ਹਨੇਰਾ ਛਾਇਆ ਰਹਿੰਦਾ ਹੈ ਤੇ ਅੰਡਰ ਪਾਸ ਦੀਆਂ ਲਾਈਟਾਂ ਦੀ ਵੀ ਕਦੇ ਮੁਰੰਮਤ ਨਹੀਂ ਕੀਤੀ ਗਈ। ਸ਼ਹਿਰ ਵਾਸੀਆਂ ਨੇ ਨੈਸ਼ਨਲ ਹਾਈਵੇਅ ਅਥਾਰਟੀ ਦੇ ਉੱਚ ਅਧਿਕਾਰੀਆਂ ਤੋਂ ਸ਼ਹਿਰ ਵਿਚਲੇ ਸਰਵਿਸ ਮਾਰਗਾਂ ਦੀ ਤੁਰੰਤ ਸਫ਼ਾਈ ਕਰਾਉਣ ਤੇ ਬੰਦ ਪਈਆਂ ਲਾਈਟਾਂ ਚਾਲੂ ਕਰਨ ਦੀ ਮੰਗ ਕੀਤੀ ਹੈ।