ਖਰੜ ਨੇੜੇ ਮੁਕਾਬਲੇ ’ਚ ਬੰਬੀਹਾ ਗਰੋਹ ਦਾ ਮੈਂਬਰ ਕਾਬੂ
ਮੁਲਜ਼ਮ ਦੀ ਪਛਾਣ ਰਣਬੀਰ ਰਾਣਾ ਵਜੋਂ ਹੋਈ; ਮਸ਼ਕੂਕ ਨੇ 5 ਨਵੰਬਰ ਨੂੰ ਸੈਕਟਰ 38 ’ਚ ਹੋਟਲ ਕਾਰੋਬਾਰੀ ਦੇ ਘਰ ਦੇ ਬਾਹਰ ਚਲਾਈਆਂ ਸੀ ਗੋਲੀਆਂ
ਖਰੜ ਦੇ ਅਜਨਾਲਾ ਪਿੰਡ ਵਿੱਚ ਅੱਜ ਸਵੇਰੇ ਪੁਲੀਸ ਨਾਲ ਹੋਏ ਸੰਖੇਪ ਮੁਕਾਬਲੇ ਦੌਰਾਨ ਜਵਾਬੀ ਗੋਲੀਬਾਰੀ ਵਿੱਚ ਦਵਿੰਦਰ ਬੰਬੀਹਾ ਗਰੋਹ ਦਾ ਮੈਂਬਰ ਰਣਬੀਰ ਰਾਣਾ ਜ਼ਖ਼ਮੀ ਹੋ ਗਿਆ। ਰਾਣਾ 5 ਨਵੰਬਰ ਨੂੰ ਸੈਕਟਰ 38 ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਕਥਿਤ ਸ਼ਾਮਲ ਸੀ। ਮੁਕਾਬਲੇ ਦੌਰਾਨ ਉਸ ਦੀ ਲੱਤ ਵਿੱਚ ਸੱਟ ਲੱਗੀ ਅਤੇ ਉਸ ਨੂੰ ਖਰੜ ਸਬ ਡਿਵੀਜ਼ਨਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
5 ਨਵੰਬਰ ਦੀ ਰਾਤ ਨੂੰ ਸੈਕਟਰ 38 ਵਿੱਚ ਹੋਟਲ ਮਾਲਕ ਤਾਰਾ ਸਿੰਘ ਸੈਣੀ ਦੇ ਘਰ ਦੇ ਬਾਹਰ ਚਾਰ ਗੋਲੀਆਂ ਚਲਾਈਆਂ ਗਈਆਂ, ਹਾਲਾਂਕਿ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਸੈਣੀ ਮੁਹਾਲੀ ਦੇ ਸੈਕਟਰ 119 ਦੇ ਟੀਡੀਆਈ ਸਿਟੀ ਵਿਖੇ ਰੀਜੈਂਟਾ ਪਲੇਸ ਹੋਟਲ ਦਾ ਮਾਲਕ ਹੈ। ਗੋਲੀਆਂ ਸੈਣੀ ਦੇ ਕਿਰਾਏਦਾਰ ਦੀ ਜੀਪ, ਉਸ ਦੇ ਘਰ ਦੀ ਕੰਧ ਅਤੇ ਗੇਟਾਂ ’ਤੇ ਲੱਗੀਆਂ ਸਨ। ਸੀਸੀਟੀਵੀ ਫੁਟੇਜ ਦੀ ਜਾਂਚ ਵਿੱਚ ਪਤਾ ਲੱਗਾ ਕਿ ਬਾਈਕ ’ਤੇ ਸਵਾਰ ਦੋ ਵਿਅਕਤੀਆਂ ਨੇ ਰਾਤ 12.30 ਵਜੇ ਦੇ ਕਰੀਬ ਚਾਰ ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਭੱਜ ਗਏ। ਮੁਹਾਲੀ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਸੈਣੀ ਨੇ ਕਿਹਾ ਸੀ ਕਿ ਉਸ ਨੂੰ ਇੱਕ ਅਣਜਾਣ ਨੰਬਰ ਤੋਂ ਫ਼ੋਨ ਆਇਆ ਸੀ ਜਿਸ ਵਿੱਚ ਫ਼ੋਨ ਕਰਨ ਵਾਲੇ ਨੇ ਆਪਣੀ ਪਛਾਣ ਲੱਕੀ ਪਟਿਆਲ ਵਜੋਂ ਦੱਸੀ ਸੀ।

