ਮੁੱਢਲੀਆਂ ਸਹੂਲਤਾਂ ਨੂੰ ਤਰਸੇ ਬਲੌਂਗੀ ਵਾਸੀ
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਬਲੌਂਗੀ ਦਾ ਦੌਰਾ ਕਰਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਉਨ੍ਹਾਂ ਦੱਸਿਆ ਕਿ ਬਲੌਂਗੀ ਦੇ ਵਸਨੀਕ ਇਸ ਸਮੇਂ ਬੁਰੇ ਹਾਲਾਤ 'ਚੋਂ ਲੰਘ ਰਹੇ ਹਨ ਅਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਸ਼ਿਕਾਰ ਹਨ। ਬਲੌਂਗੀ ਸ਼ਿਵ ਮੰਦਰ ਤੋਂ ਲੈ ਕੇ ਪੁਲੀਸ ਚੌਕੀ ਤੱਕ ਸੜਕ ਬੇਹੱਦ ਖਸਤਾ ਹਾਲ ਹੋ ਚੁੱਕੀ ਹੈ। ਇਥੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਨੂੰ ਚਿੱਕੜ ਭਰੀ ਸੜਕ ਵਿਚੋਂ ਲੰਘਣਾ ਪੈਂਦਾ ਹੈ। ਇਸੇ ਤਰ੍ਹਾਂ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਵੀ ਭਾਰੀ ਕਮੀ ਹੈ। ਵਧਦੀ ਆਬਾਦੀ ਦੇ ਨਾਲ ਸਾਫ ਪਾਣੀ ਮਿਲਣਾ ਇਥੇ ਇਕ ਚੁਣੌਤੀ ਬਣ ਗਿਆ ਹੈ। ਡਿਪਟੀ ਮੇਅਰ ਨੇ ਦੱਸਿਆ ਕਿ ਕਈ ਵਾਰ ਕਈ ਕਈ ਦਿਨ ਪੀਣ ਵਾਲਾ ਪਾਣੀ ਉਪਲਬਧ ਨਹੀਂ ਹੁੰਦਾ।
ਇਸੇ ਤਰ੍ਹਾਂ ਇੱਥੋਂ ਲੰਘਦੀ ਪਟਿਆਲਾ ਕੀ ਰਾਓ ਨਦੀ, ਬੇਹੱਦ ਗੰਦੀ ਹੋ ਚੁੱਕੀ ਹੈ। ਨਦੀ ਵਿੱਚੋਂ ਆਉਂਦੀ ਬਦਬੂ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ। ਡਿਪਟੀ ਮੇਅਰ ਨੇ ਭਰੋਸਾ ਦਿੱਤਾ ਕਿ ਵੱਖ-ਵੱਖ ਵਿਭਾਗਾਂ ਨਾਲ ਗੱਲ ਕਰਕੇ ਇਨ੍ਹਾਂ ਮੁੱਦਿਆਂ ਨੂੰ ਜਲਦੀ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਕਲੋਨੀ ਦੇ ਵਾਸੀਆਂ ਪ੍ਰੇਮ ਸ੍ਰੀਵਾਸਤਵ, ਲਾਲ ਬਹਾਦਰ, ਮਨੋਹਰ, ਵਰਿੰਦਰ ਸ਼ਰਮਾ, ਜਬਾਰ, ਜਨਾਰਦਨ ਸ਼ਰਮਾ ਆਦਿ ਵੀ ਹਾਜ਼ਰ ਸਨ।