ਬਲਬੀਰ ਸਿੱਧੂ ਵੱਲੋਂ ਗਮਾਡਾ ਅੱਗੇ ਧਰਨੇ ਖ਼ਿਲਾਫ਼ ਲਾਮਬੰਦੀ
ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਵੱਲੋਂ 21 ਜੁਲਾਈ ਨੂੰ ਗਮਾਡਾ ਦੇ ਮੁਹਾਲੀ ਸਥਿਤ ਦਫ਼ਤਰ ਸਾਹਮਣੇ ਨਵੀਂ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿਚ ਕੀਤੀ ਜਾ ਰਹੀ ਰੈਲੀ ਵਿਚ ਮੁਹਾਲੀ ਹਲਕੇ ਦੇ ਹਜ਼ਾਰਾਂ ਕਿਸਾਨ ਸ਼ਾਮਲ ਹੋਣਗੇ। ਉਹ ਰੈਲੀ ਨੂੰ ਸਫ਼ਲ ਬਣਾਉੁਣ ਲਈ ਮੁਹਾਲੀ ਖੇਤਰ ਦੇ ਦੋ ਦਰਜਨ ਤੋਂ ਵੱਧ ਪਿੰਡਾਂ ਵਿਚ ਇਕੱਠਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਰੈਲੀ ਨੂੰ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਸੰਬੋਧਨ ਕਰਨਗੇ।
ਸ੍ਰੀ ਸਿੱਧੂ ਨੇ ਕਿਹਾ ਕਿ ਨਵੀਂ ਲੈਂਡ ਪੂਲਿੰਗ ਨੀਤੀ ਕਿਸਾਨ ਵਿਰੋਧੀ ਹੈ। ਇਸ ਮੌਕੇ ਸਮੁੱਚੇ ਪਿੰਡਾਂ ਦੇ ਵਸਨੀਕਾਂ ਨੇ ਬਲਬੀਰ ਸਿੱਧੂ ਨੂੰ ਭਰੋਸਾ ਦਿਵਾਇਆ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਰੈਲੀ ਵਿਚ ਸ਼ਾਮਲ ਹੋਣਗੇ। ਲੋਕਾਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਉੱਤੇ ਜ਼ਮੀਨਾਂ ਨਹੀਂ ਦੇਣਗੇ ਅਤੇ ਆਰ-ਪਾਰ ਦੀ ਲੜਾਈ ਲੜਨਗੇ। ਇਸ ਮੌਕੇ ਠੇਕੇਦਾਰ ਮੋਹਨ ਸਿੰਘ ਬਠਲਾਣਾ, ਪ੍ਰਦੀਪ ਸਿੰਘ ਤੰਗੌਰੀ, ਚੌਧਰੀ ਰਿਸ਼ੀ ਪਾਲ ਸਨੇਟਾ, ਚੌਧਰੀ ਹਰਨੇਕ ਸਿੰਘ ਆਦਿ ਮੌਜੂਦ ਸਨ।